
ਯੂਪੀ ਤੋਂ ਤਿਆਰ ਕਰਾਏ ਦਸਵੀਂ ਦੇ ਫਰਜ਼ੀ ਸਰਟੀਫਿਕੇਟ
Punjab News : ਫਰਜ਼ੀ ਦਸਵੀਂ ਦੇ ਸਰਟੀਫਿਕੇਟਾਂ ਨਾਲ ਪੰਜਾਬ 'ਚ ਡਾਕ ਸੇਵਕ ਦੀ ਨੌਕਰੀ ਪ੍ਰਾਪਤ ਕਰਨ ਵਾਲੇ ਹਰਿਆਣਾ ਦੇ 2 ਨੌਜਵਾਨਾਂ ਖਿਲਾਫ਼ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਇਹ ਮਾਮਲਾ ਪੋਸਟ ਆਫਿਸ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ 'ਤੇ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਐਸਐਚਓ ਕੋਤਵਾਲੀ ਦਲਜੀਤ ਸਿੰਘ ਨੇ ਦੱਸਿਆ ਐਸਐਸਪੀ ਬਠਿੰਡਾ ਨੂੰ ਪੋਸਟ ਆਫਿਸ ਦੇ ਸੁਪਰਡੈਂਟ ਅਜੇ ਕੁਮਾਰ ਅਤੇ ਰਾਜਕੁਮਾਰ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਡਾਕ ਵਿਭਾਗ ਵਿੱਚ 2022 ਵਿੱਚ ਪੋਸਟਾਂ ਕੱਢੀਆਂ ਗਈਆਂ ਸਨ। ਇਹਨਾਂ ਪੋਸਟਾਂ ਵਿੱਚ ਹਰਿਆਣਾ ਨਾਲ ਸੰਬੰਧਿਤ ਜੰਟਾ ਸਿੰਘ ਨਿਵਾਸੀ ਕੁਲਾ ਜ਼ਿਲ੍ਹਾ ਫਤਿਹਾਬਾਦ ਹਰਿਆਣਾ ਅਤੇ ਜਗਨਦੀਪ ਸਿੰਘ ਨਿਵਾਸੀ ਬਣੀ ਜ਼ਿਲ੍ਹਾ ਸਿਰਸਾ ਹਰਿਆਣਾ ਵੱਲੋਂ ਅਪਲਾਈ ਕੀਤਾ ਗਿਆ ਸੀ।
ਇਹਨਾਂ ਦੋਵਾਂ ਨੌਜਵਾਨਾਂ ਦੀ ਸਲੈਕਸ਼ਨ ਡਾਕ ਵੱਲੋਂ ਕੀਤੀ ਗਈ ਸੀ ਪਰ ਜੋ ਸਰਟੀਫਿਕੇਟ ਇਹਨਾਂ ਵੱਲੋਂ ਇਹਨਾਂ ਪੋਸਟਾਂ ਸਬੰਧੀ ਵਿਭਾਗ ਨੂੰ ਉਪਲਬਧ ਕਰਾਏ ਗਏ ਹਨ ਜਦੋਂ ਉਹਨਾਂ ਦੀ ਵੈਰੀਫਿਕੇਸ਼ਨ ਕਰਵਾਈ ਗਈ ਤਾਂ ਉਹ ਫਰਜ਼ੀ ਨਿਕਲੇ ਹਨ। ਇਹਨਾਂ ਵੱਲੋਂ ਇਹ ਫਰਜ਼ੀ ਸਰਟੀਫਿਕੇਟ ਯੂਪੀ ਦੇ ਕਿਸੇ ਸਕੂਲ ਤੋਂ ਤਿਆਰ ਕਰਵਾਏ ਗਏ ਸਨ। ਪੋਸਟ ਆਫਿਸ ਦੇ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਦੋਵੇਂ ਨੌਜਵਾਨਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।