
ਰੇਲਗੱਡੀ ਦੇ ਡਰਾਈਵਰ ਦੀ ਚੌਕਸੀ ਦੇ ਚਲਦਿਆਂ ਵੱਡਾ ਹਾਦਸਾ ਹੋਣ ਤੋਂ ਟਲਿਆ
Bathinda News : ਪੰਜਾਬ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਨੇ ਅੱਜ ਰੇਲਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਰਾਰਤੀ ਅਨਸਰਾਂ ਨੇ ਬਠਿੰਡਾ ਦੇ ਬੰਗੀ ਨਗਰ ਵਿਚ ਬਠਿੰਡਾ-ਦਿੱਲੀ ਰੇਲਵੇ ਲਾਈਨ ਉਪਰ ਕਰੀਬ ਇਕ ਦਰਜਨ ਲੋਹੇ ਦੇ ਸਰੀਏ ਰੱਖ ਦਿੱਤੇ। ਜਿਸ ਕਾਰਨ ਰੇਲਗੱਡੀ ਪਟੜੀ ਤੋਂ ਉਤਰ ਸਕਦੀ ਸੀ। ਹਾਲਾਂਕਿ ਰੇਲਗੱਡੀ ਚਾਲਕ ਦੀ ਸਿਆਣਪ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।
ਰੇਲਗੱਡੀ ਦੇ ਡਰਾਈਵਰ ਨੇ ਸਮੇਂ ਸਿਰ ਰੇਲਗੱਡੀ ਨੂੰ ਰੋਕ ਲਿਆ ਅਤੇ ਆਰਪੀਐਫ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਰੇਲਵੇ ਅਧਿਕਾਰੀ, ਰੇਲਵੇ ਪੁਲਸ ਅਤੇ ਜ਼ਿਲਾ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਰੇਲਗੱਡੀ ਦੀ ਰਫ਼ਤਾਰ ਘੱਟ ਹੋਣ ਕਾਰਨ ਟਲਿਆ ਹਾਦਸਾ
ਗੇਟਮੇਨ ਕ੍ਰਿਸ਼ਨਾ ਮੀਨਾ ਅਨੁਸਾਰ ਅੱਜ ਤੜਕੇ ਕਰੀਬ 3 ਵਜੇ ਬਠਿੰਡਾ ਦੇ ਬੰਗੀ ਨਗਰ ਨੇੜੇ ਵੱਡਾ ਰੇਲ ਹਾਦਸਾ ਟਲ ਗਿਆ। ਇਥੇ ਦਿੱਲੀ ਤੋਂ ਮਾਲ ਗੱਡੀ ਆ ਰਹੀ ਸੀ। ਇਸ ਦੀ ਸਪੀਡ ਘੱਟ ਸੀ, ਇਸ ਲਈ ਡਰਾਈਵਰ ਦੀ ਨਜ਼ਰ ਅਚਾਨਕ ਰੇਲਵੇ ਟਰੈਕ 'ਤੇ ਰੱਖੀ ਕਿਸੇ ਚੀਜ਼ 'ਤੇ ਪਈ।
ਇਸ ਤੋਂ ਬਾਅਦ ਡਰਾਈਵਰ ਨੇ ਸਮੇਂ ਸਿਰ ਰੇਲਗੱਡੀ ਨੂੰ ਬ੍ਰੇਕ ਲਗਾ ਦਿੱਤੀ। ਜਦੋਂ ਉਸ ਨੇ ਰੇਲਗੱਡੀ ਤੋਂ ਹੇਠਾਂ ਉਤਰ ਕੇ ਪੈਦਲ ਜਾ ਕੇ ਅੱਗੇ ਦੇਖਿਆ ਤਾਂ ਟਰੈਕ 'ਤੇ ਕੁਝ ਸਰੀਏ ਪਏ ਸਨ। ਡਰਾਈਵਰ ਨੇ ਸਰੀਏ ਨੂੰ ਪਾਸੇ ਕਰ ਦਿੱਤਾ ਅਤੇ ਸਾਜ਼ਿਸ਼ ਬਾਰੇ ਆਰਪੀਐਫ ਨੂੰ ਸੂਚਿਤ ਕੀਤਾ।
ਅਧਿਕਾਰੀਆਂ ਸਮੇਤ GRP ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਕਿਸੇ ਨੇ ਰੇਲਵੇ ਟਰੈਕ ਦੇ ਵਿਚਕਾਰ ਮੋਟੇ ਸਰੀਏ ਰੱਖੇ ਸੀ। ਇਸ ਤੋਂ ਬਾਅਦ ਰੇਲਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਸਾਜ਼ਿਸ਼ ਦਾ ਖੁਲਾਸਾ ਹੋਇਆ। ਇਸ ਰੁਕਾਵਟ ਕਾਰਨ ਰੇਲਗੱਡੀ ਆਪਣੇ ਨਿਰਧਾਰਿਤ ਸਮੇਂ ਤੋਂ ਕਰੀਬ 1 ਘੰਟਾ ਲੇਟ ਹੋ ਗਈ। ਜਦੋਂ ਸਭ ਕੁਝ ਠੀਕ ਲੱਗਿਆ ਤਾਂ ਅਧਿਕਾਰੀਆਂ ਨੇ ਰੇਲਗੱਡੀ ਨੂੰ ਰਵਾਨਾ ਕਰ ਦਿੱਤਾ।