
Jalandhar News : ਭਗੌੜੇ ਗੁਰਸ਼ਰਨ ਸਿੰਘ ਪ੍ਰਿੰਸ ਨੂੰ ਪਨਾਹ ਦੇਣ ਦੇ ਇਲਜ਼ਾਮ ਹੇਠ ਦੋਨੇ ਜੀਜੇ ਗ੍ਰਿਫ਼ਤਾਰ
Former Minister's Son Richie Kaypee Hit-and-Run Case in Jalandhar Latest News in Punjabi ਜਲੰਧਰ : ਪੁਲਿਸ ਨੇ ਐਤਵਾਰ ਨੂੰ ਲੁਧਿਆਣਾ ਦੇ ਜੀ.ਟੀ.ਬੀ. ਨਗਰ ’ਚ ਰਹਿਣ ਵਾਲੇ ਸਾਬਕਾ ਮੰਤਰੀ ਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਇਕਲੌਤੇ ਪੁੱਤਰ ਰਿਚੀ ਕੇਪੀ ਨਾਲ ਸਬੰਧਤ ਹਿੱਟ-ਐਂਡ-ਰਨ ਮਾਮਲੇ ’ਚ ਭਗੌੜੇ ਮੁਲਜ਼ਮ ਗੁਰਸ਼ਰਨ ਸਿੰਘ ਉਰਫ਼ ਪ੍ਰਿੰਸ ਦੇ ਦੋ ਜੀਜਿਆਂ ਨੂੰ ਪਨਾਹ ਦੇਣ ਤੇ ਉਸ ਦੀ ਭੱਜਣ ’ਚ ਮਦਦ ਕਰਨ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ, ਜੀ.ਟੀ.ਬੀ. ਨਗਰ, ਜਲੰਧਰ ਤੇ ਤਰਨਵੀਰ ਸਿੰਘ, ਲੁਧਿਆਣਾ ਵਜੋਂ ਹੋਈ ਹੈ।
ਵਧੀਕ ਡਿਪਟੀ ਕਮਿਸ਼ਨਰ (ਸਿਟੀ-2) ਹਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਟੀਮਾਂ ਸ਼ਾਨ ਐਂਟਰਪ੍ਰਾਈਜ਼ ਦੇ ਮਾਲਕ ਗੁਰਸ਼ਰਨ ਸਿੰਘ ਉਰਫ਼ ਪ੍ਰਿੰਸ ਦੀ ਭਾਲ ’ਚ ਛਾਪੇਮਾਰੀ ਕਰ ਰਹੀਆਂ ਹਨ, ਜਿਸ ਦਾ ਨਾਂ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਕੇਪੀ ਨਾਲ ਸਬੰਧਤ ਹਿੱਟ-ਐਂਡ-ਰਨ ਕੇਸ ’ਚ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਪ੍ਰਿੰਸ ਹਾਦਸੇ ਤੋਂ ਤੁਰਤ ਬਾਅਦ ਜੀ.ਟੀ.ਬੀ. ਨਗਰ ’ਚ ਅਪਣੇ ਜੀਜੇ ਦੇ ਘਰ ਗਿਆ। ਤਕਨੀਕੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਆਪਣੇ ਪਰਵਾਰਕ ਮੈਂਬਰਾਂ ਦੇ ਨਾਲ, ਬਾਅਦ ’ਚ ਲੁਧਿਆਣਾ ’ਚ ਅਪਣੇ ਜੀਜੇ ਦੇ ਘਰ ਪਹੁੰਚਿਆ। ਪੁਲਿਸ ਅਧਿਕਾਰੀਆਂ ਅਨੁਸਾਰ ਹੁਣ ਤਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਦੇ ਦੋਵੇਂ ਜੀਜੇ, ਜੋ ਜਲੰਧਰ ਤੇ ਲੁਧਿਆਣਾ ’ਚ ਰਹਿੰਦੇ ਸਨ, ਨੇ ਉਸ ਨੂੰ ਪਨਾਹ ਦਿਤੀ। ਇਸ ਤੋਂ ਇਲਾਵਾ ਹੁਣ ਇਹ ਸਾਹਮਣੇ ਆਇਆ ਹੈ ਕਿ ਉਨ੍ਹਾਂ ਨੇ ਅਪਣੇ ਪ੍ਰਭਾਵ ਦੀ ਵਰਤੋਂ ਕਰਦੇ ਹੋਏ ਉਸ ਨੂੰ ਪੰਜਾਬ ਤੋਂ ਬਾਹਰ ਕਿਸੇ ਹੋਰ ਰਾਜ ’ਚ ਕਿਸੇ ਹੋਰ ਜਾਣਕਾਰ ਦੇ ਘਰ ਰਹਿਣ ਦਾ ਪ੍ਰਬੰਧ ਕੀਤਾ।
ਨਤੀਜੇ ਵਜੋਂ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਐਤਵਾਰ ਦੇਰ ਰਾਤ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਤੇ ਉਨ੍ਹਾਂ ਨੂੰ ਰਿਮਾਂਡ ’ਤੇ ਭੇਜ ਦਿਤਾ। ਪੁਲਿਸ ਅਧਿਕਾਰੀਆਂ ਅਨੁਸਾਰ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਮੁਲਜ਼ਮ ਨੂੰ ਭੱਜਣ ’ਚ ਕਿਸ ਨੇ ਮਦਦ ਕੀਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਮਾਡਲ ਟਾਊਨ ਦੇ ਮਾਤਾ ਰਾਣੀ ਚੌਕ ਨੇੜੇ ਸ਼ਾਨ ਇੰਟਰਪ੍ਰਾਈਜ਼ਜ਼ ਦੇ ਮਾਲਕ ਗੁਰਸ਼ਰਨ ਸਿੰਘ ਉਰਫ਼ ਪ੍ਰਿੰਸ, ਜੋ ਕਿ ਕ੍ਰੇਟਾ ਕਾਰ ’ਚ ਸਵਾਰ ਸੀ, ਨੇ ਇਕ ਤੋਂ ਬਾਅਦ ਇਕ ਤਿੰਨ ਵਾਹਨਾਂ ਨੂੰ ਟੱਕਰ ਮਾਰ ਦਿਤੀ ਸੀ ਤੇ ਭੱਜ ਗਿਆ ਸੀ। ਇਸ ਹਾਦਸੇ ’ਚ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਦੀ ਮੌਤ ਹੋ ਗਈ ਜਦੋਂ ਕਿ ਗ੍ਰੈਂਡ ਵਿਟਾਰਾ ਕਾਰ ’ਚ ਸਵਾਰ ਵਿਸ਼ੂ ਕਪੂਰ, ਉਸ ਦੀ ਪਤਨੀ ਤੇ ਧੀ ਜ਼ਖ਼ਮੀ ਹੋ ਗਏ ਸਨ।
(For more news apart from Former Minister's Son Richie Kaypee Hit-and-Run Case in Jalandhar Latest News in Punjabi stay tuned to Rozana Spokesman.)