
ਬਹਿਬਲ ਤੇ ਕੋਟਕਪੂਰਾ ਗੋਲੀਕਾਂਡ : ਐਸ.ਆਈ.ਟੀ. ਦੀ ਚਲਾਨ ਰੀਪੋਰਟ ਵਿਚ ਪਹਿਲੀ ਵਾਰ ਆਇਆ ਸੁਖਬੀਰ ਬਾਦਲ ਦਾ ਨਾਮ
ਤੜਕਸਾਰ ਆਈ.ਜੀ. ਤੇ ਡੀ.ਜੀ.ਪੀ. ਦਰਮਿਆਨ 22 ਵਾਰ ਹੋਈ ਸੀ ਗੱਲਬਾਤ
ਕੋਟਕਪੂਰਾ, 21 ਅਕਤੂਬਰ (ਗੁਰਿੰਦਰ ਸਿੰਘ) : ਭਾਵੇਂ ਬੇਅਦਬੀ ਕਾਂਡ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਕਲਾਂ 'ਚ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਦੇ ਮਾਮਲਿਆਂ 'ਚ ਲਗਾਤਾਰ ਪ੍ਰਗਟਾਵੇ ਹੋ ਰਹੇ ਹਨ ਪਰ ਹੁਣ ਐਸ.ਆਈ.ਟੀ. ਵਲੋਂ ਅਦਾਲਤ 'ਚ ਪੇਸ਼ ਕੀਤੀ ਗਈ ਚਲਾਨ ਰੀਪੋਰਟ 'ਚ ਹੋਏ ਅਹਿਮ ਪ੍ਰਗਟਾਵਿਆਂ 'ਚ ਪਹਿਲੀ ਵਾਰ ਸੁਖਬੀਰ ਸਿੰਘ ਬਾਦਲ ਦਾ ਨਾਮ ਆਇਆ ਹੈ। ਘਟਨਾ ਮੌਕੇ ਅਰਥਾਤ 14 ਅਕਤੂਬਰ 2015 ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਵੀ ਸਨ। ਚਲਾਨ ਰੀਪੋਰਟ ਮੁਤਾਬਕ 14 ਅਕਤੂਬਰ 2015 ਨੂੰ ਸਵੇਰੇ 4:01 ਵਜੇ ਤੋਂ ਲੈ ਕੇ ਦੁਪਹਿਰ 11:39 ਵਜੇ ਤਕ ਆਈ.ਜੀ. ਉਮਰਾਨੰਗਲ ਅਤੇ ਡੀਜੀਪੀ ਸੈਣੀ ਦਰਮਿਆਨ ਫ਼ੋਨ 'ਤੇ 22 ਵਾਰ ਗੱਲਬਾਤ ਹੋਈ ਸੀ। ਐਸ.ਆਈ.ਟੀ ਦੀ ਚਲਾਨ ਰੀਪੋਰਟ ਮੁਤਾਬਕ ਬਹਿਬਲ ਕਲਾਂ 'ਚ ਪੁਲਿਸ ਦੀ ਗੋਲੀ ਨਾਲ ਮੌਤ ਦੇ ਘਾਟ ਉਤਾਰ ਦਿਤੇ ਗਏ ਦੋ ਸਿੱਖ ਨੌਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਅਧਿਕਾਰੀਆਂ ਨੇ ਅਪਣੇ ਬਚਾਅ ਲਈ ਫ਼ਰੀਦਕੋਟ 'ਚ ਸੁਹੇਲ ਸਿੰਘ ਬਰਾੜ ਦੇ ਘਰ ਚਰਨਜੀਤ ਸ਼ਰਮਾ ਐਸਐਸਪੀ ਮੋਗਾ ਦੀ ਜਿਪਸੀ 'ਤੇ ਖ਼ੁਦ ਹੀ ਗੋਲੀਬਾਰੀ ਕੀਤੀ ਜਿਸ ਲਈ ਸੁਹੇਲ ਬਰਾੜ ਅਤੇ ਪੰਕਜ ਬਾਂਸਲ ਦੇ ਗਾਰਡ ਚਰਨਜੀਤ ਸਿੰਘ ਦੀ ਲਾਇਸੰਸੀ ਬੰਦੂਕ ਦੀ ਵਰਤੋਂ ਕੀਤੀ ਗਈ। ਐਸ.ਆਈ.ਟੀ. ਦਾ ਦਾਅਵਾ ਹੈ ਕਿ ਸੁਹੇਲ ਬਰਾੜ ਤੇ ਪੰਕਜ ਬਾਂਸਲ ਦੀ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸੁਖਬੀਰ ਸਿੰਘ ਬਾਦਲ ਨਾਲ ਨਿਜੀ ਪਛਾਣ ਸੀ ਅਤੇ ਆਈ.ਜੀ. ਦੇ ਕਹਿਣ 'ਤੇ ਹੀ ਸੁਹੇਲ ਬਰਾੜ ਨੇ ਅਪਣੇ ਘਰ 'ਚ ਜਿਪਸੀ 'ਤੇ ਗੋਲੀਬਾਰੀ ਕਰਵਾਈ ਜਦਕਿ ਪੰਕਜ ਬਾਂਸਲ ਨੇ ਅਪਣੇ ਮੈਨੇਜਰ ਸੰਜੀਵ ਕੁਮਾਰ ਦੇ ਹੱਥ ਗਾਰਡ ਚਰਨਜੀਤ ਸਿੰਘ ਦੀ ਬੰਦੂਕ ਭੇਜੀ। ਸੁਹੇਲ ਬਰਾੜ ਨੇ ਅਪਣੀ ਬੰਦੂਕ ਨਾਲ ਅਤੇ ਐਸਪੀ ਬਿਕਰਮਜੀਤ ਸਿੰਘ ਨੇ ਗਾਰਡ ਚਰਨਜੀਤ ਦੀ ਬੰਦੂਕ ਨਾਲ ਜਿਪਸੀ 'ਤੇ ਗੋਲੀਆਂ ਚਲਾ ਕੇ ਨਵੇਂ ਸਬੂਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ।
ਚਲਾਨ ਰੀਪੋਰਟ 'ਚ ਇਹ ਵੀ ਪ੍ਰਗਟਾਵਾ ਹੋਇਆ ਹੈ ਕਿ 14 ਅਕਤੂਬਰ 2015 ਨੂੰ ਤਤਕਾਲੀਨ ਪੁਲਿਸ ਕਮਿਸ਼ਨਰ ਲੁਧਿਆਣਾ-ਕਮ-ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਬਿਨਾਂ ਕਿਸੇ ਅਧਿਕਾਰ ਦੇ ਕੋਟਕਪੂਰਾ ਵਿਖੇ ਪਹੁੰਚੇ ਸਨ। ਉਨ੍ਹਾਂ ਪੁਲਿਸ ਫ਼ੋਰਸ ਦੀ ਅਗਵਾਈ ਕਰਦਿਆਂ ਤਤਕਾਲੀਨ ਡੀਜੀਪੀ ਸੁਮੇਧ ਸਿੰਘ ਸੈਣੀ ਤੋਂ ਨਿਰਦੇਸ਼ ਲੈ ਕੇ ਕੋਟਕਪੂਰਾ ਅਤੇ ਬਹਿਬਲ ਕਲਾਂ 'ਚ ਬੇਅਦਬੀ ਕਾਂਡ ਵਿਰੁਧ ਰੋਸ ਪ੍ਰਗਟਾ ਰਹੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਕਰਵਾਈ ਸੀ।
ਉਕਤ ਘਟਨਾਵਾਂ 'ਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ ਜਦਕਿ ਦੋਹਾਂ ਥਾਵਾਂ 'ਤੇ ਅਨੇਕਾਂ ਸਿੱਖ ਸੰਗਤਾਂ ਗੰਭੀਰ ਰੂਪ 'ਚ ਜ਼ਖ਼ਮੀ ਵੀ ਹੋਈਆਂ ਸਨ।
ਉਕਤ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਨੇ ਬਹਿਬਲ ਕਾਂਡ 'ਚ ਤਤਕਾਲੀਨ ਐਸ.ਪੀ. ਬਿਕਰਮਜੀਤ ਸਿੰਘ, ਤਤਕਾਲੀਨ ਐਸਐਚਓ ਅਮਰਜੀਤ ਸਿੰਘ ਕੁਲਾਰ ਸਮੇਤ ਫ਼ਰੀਦਕੋਟ ਦੇ ਸੁਹੇਲ ਸਿੰਘ ਬਰਾੜ ਅਤੇ ਮੋਗਾ ਦੇ ਪੰਕਜ ਬਾਂਸਲ ਵਿਰੁਧ ਅਦਾਲਤ 'ਚ 14 ਪੰਨਿਆਂ ਦਾ ਚਲਾਨ ਪੇਸ਼ ਕੀਤਾ ਸੀ।
ਚਲਾਨ ਰੀਪੋਰਟ ਮੁਤਾਬਕ 14 ਅਕਤੂਬਰ 2015 ਨੂੰ ਸਵੇਰੇ 4:01 ਵਜੇ ਤੋਂ ਲੈ ਕੇ ਦੁਪਹਿਰ 11:39 ਵਜੇ ਤਕ ਆਈ.ਜੀ. ਉਮਰਾਨੰਗਲ ਅਤੇ ਡੀਜੀਪੀ ਸੈਣੀ ਦਰਮਿਆਨ ਫ਼ੋਨ 'ਤੇ 22 ਵਾਰ ਗੱਲਬਾਤ ਹੋਈ ਸੀ। ਐਸਐਸਪੀ ਚਰਨਜੀਤ ਸ਼ਰਮਾ ਦੀ ਅਗਵਾਈ 'ਚ ਪੁਲਿਸ ਪਾਰਟੀ ਵਲੋਂ ਬਹਿਬਲ ਕਲਾਂ 'ਚ ਸ਼ਾਂਤਮਈ ਧਰਨੇ 'ਤੇ ਬੈਠੀਆਂ ਸਿੱਖ ਸੰਗਤਾਂ ਉਪਰ ਬਿਨਾਂ ਕਿਸੇ ਅਧਿਕਾਰ ਅਤੇ ਕਾਨੂੰਨ ਤਹਿਤ ਪੁਲਿਸੀਆ ਅਤਿਆਚਾਰ ਢਾਹਿਆ ਗਿਆ। ਪੁਲਿਸ ਕੋਲ ਧਰਨਾ ਚੁਕਵਾਉਣ ਲਈ ਕੋਈ ਕਾਨੂੰਨੀ ਹੁਕਮ ਵੀ ਨਹੀਂ ਸਨ। ਉਕਤ ਦੋਹਾਂ ਮਾਮਲਿਆਂ 'ਚ ਤਤਕਾਲੀਨ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਜਦਕਿ ਕੋਟਕਪੂਰਾ ਕੇਸ 'ਚ ਪਹਿਲਾਂ ਤੋਂ ਨਾਮਜ਼ਦ ਆਈ.ਜੀ. ਉਮਰਾਨੰਗਲ ਨੂੰ ਬਹਿਬਲ ਕੇਸ 'ਚ ਵੀ ਨਾਮਜ਼ਦ ਕੀਤਾ ਜਾ ਚੁੱਕਾ ਹੈ।
ਬਾਦਲ ਸਰਕਾਰ ਮੌਕੇ ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਤੋਂ ਬਾਅਦ ਪ੍ਰਦਰਸ਼ਨਕਾਰੀਆਂ 'ਤੇ ਦਰਜ ਕੀਤੇ ਦੋਹਾਂ ਝੂਠੇ ਮਾਮਲਿਆਂ 'ਚ ਪੁਲਿਸ ਵਲੋਂ ਫ਼ਾਜ਼ਿਲਕਾ ਦੇ ਮੁੱਖ ਸਿਪਾਹੀ ਸੁਰਿੰਦਰ ਕੁਮਾਰ ਨੂੰ ਧਰਨਾਕਾਰੀਆਂ ਦੇ ਹੱਥੋਂ ਜ਼ਖ਼ਮੀ ਹੋਇਆ ਦਿਖਾਇਆ ਗਿਆ ਅਤੇ ਉਸ ਦੀ ਐਮਐਲਆਰ ਵੀ ਘਟਨਾ ਤੋਂ 6 ਘੰਟੇ ਬਾਅਦ ਅਰਥਾਤ ਦੇਰੀ ਨਾਲ ਦਰਜ ਹੋਈ। ਇਸ ਤੋਂ ਇਲਾਵਾ ਉਸ ਸਮੇਂ ਦੇ ਥਾਣਾ ਬਾਜਾਖ਼ਾਨਾ ਦੇ ਐਸਐਚਓ ਅਮਰਜੀਤ ਸਿੰਘ ਕੁਲਾਰ ਨੇ ਅਪਣੀ ਐਮਐਲਆਰ ਉਸੇ ਦਿਨ ਦੇਰ ਸ਼ਾਮ 8:15 ਵਜੇ ਕਟਵਾਈ ਜਦਕਿ ਬਹਿਬਲ ਕਾਂਡ ਵਾਲੀ ਘਟਨਾ ਸਵੇਰੇ ਕਰੀਬ 9:30 ਵਜੇ ਵਾਪਰੀ ਸੀ, ਨਾਲ ਹੀ ਸਿਟੀ ਥਾਣਾ ਕੋਟਕਪੂਰਾ ਦੇ ਉਸ ਸਮੇਂ ਦੇ ਐਸਐਚਓ ਗੁਰਦੀਪ ਸਿੰਘ ਪੰਧੇਰ ਦੀ ਯੋਗਤਾ 'ਤੇ ਵੀ ਸਵਾਲ ਉਠਾਏ ਗਏ ਹਨ। ਐਸਆਈਟੀ ਅਨੁਸਾਰ ਗੁਰਦੀਪ ਸਿੰਘ ਪੰਧੇਰ ਕੋਲ ਐਸ.ਆਈ. ਦਾ ਲੋਕਲ ਰੈਂਕ ਸੀ ਅਤੇ ਪੰਜਾਬ ਪੁਲਿਸ ਐਕਟ 2007 ਮੁਤਾਬਕ ਉਸ ਨੂੰ ਐਸਐਚਓ ਨਹੀਂ ਲਾਇਆ ਜਾ ਸਕਦਾ ਪਰ ਆਈ.ਜੀ. ਉਮਰਾਨੰਗਲ ਦਾ ਖ਼ਾਸ ਹੋਣ ਦੀ ਵਜਾ ਕਾਰਨ ਉਸ ਦੀ ਤੈਨਾਤੀ ਕੀਤੀ ਗਈ। ਕੋਟਕਪੂਰਾ ਅਤੇ ਬਹਿਬਲ ਕਲਾਂ 'ਚ ਜਬਰੀ ਧਰਨੇ ਚੁੱਕਵਾਉਣ ਤੋਂ ਬਾਅਦ ਆਈ.ਜੀ. ਉਮਰਾਨੰਗਲ ਦੀ ਅਗਵਾਈ 'ਚ ਪੁਲਿਸ ਅਧਿਕਾਰੀਆਂ ਵਲੋਂ ਡੀਐਸਪੀ ਕੋਟਕਪੂਰਾ ਦੇ ਦਫ਼ਤਰ 'ਚ ਬੈਠ ਕੇ ਅਪਣੇ ਬਚਾਅ ਦੀ ਯੋਜਨਾ ਬਣਾਈ ਗਈ ਸੀ। ਉਸ ਸਮੇਂ ਦੋਹਾਂ ਘਟਨਾਵਾਂ 'ਚ ਸਿੱਖ ਸੰਗਤਾਂ 'ਤੇ ਹੀ ਥਾਣਾ ਬਾਜਾਖ਼ਾਨਾ ਅਤੇ ਸਿਟੀ ਥਾਣਾ ਕੋਟਕਪੂਰਾ 'ਚ ਕੇਸ ਦਰਜ ਕੀਤੇ ਗਏ।
ਬਹਿਬਲ ਘਟਨਾ ਦੇ ਮਾਮਲੇ 'ਚ ਕੇਸ ਦਰਜ ਕਰਨ ਬਾਰੇ ਐਸਐਚਓ ਅਮਰਜੀਤ ਸਿੰਘ ਕੁਲਾਰ ਨੇ ਲਿਖਤੀ ਸੂਚਨਾ ਹੌਲਦਾਰ ਕਾਹਨ ਸਿੰਘ ਦੇ ਹੱਥ ਥਾਣੇ 'ਚ ਭੇਜਣ ਦਾ ਦਾਅਵਾ ਕੀਤਾ ਸੀ ਪਰ ਹੌਲਦਾਰ ਕਾਹਨ ਸਿੰਘ ਨੇ ਐਸਆਈਟੀ ਨੂੰ ਬਿਆਨ ਦਿਤਾ ਹੈ ਕਿ ਉਹ ਨਾ ਤਾਂ ਕੋਈ ਸੂਚਨਾ ਲੈ ਕੇ ਥਾਣੇ ਗਿਆ ਸੀ ਅਤੇ ਨਾ ਹੀ ਕੇਸ ਦਰਜ ਕਰਵਾ ਕੇ ਐਫ਼ਆਈਆਰ ਦੀ ਕਾਪੀ ਐਸਐਚਓ ਨੂੰ ਲਿਆ ਕੇ ਦਿਤੀ ਸੀ।