
ਕੈਪਟਨ ਅਮਰਿੰਦਰ ਸਿੰਘ ਵਲੋਂ ਮਾਲ ਗੱਡੀਆਂ 'ਤੇ ਰੋਕ ਹਟਾਉਣ ਲਈ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਦਾ ਸੁਆਗਤ
ਤਿਉਹਾਰਾਂ ਦੇ ਮੌਕੇ ਮੁਸਾਫ਼ਰ ਰੇਲ ਗੱਡੀਆਂ ਵੀ ਲੰਘਾਉਣ ਲਈ ਆਖਿਆ
ਚੰਡੀਗੜ੍ਹ, 21 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਯੂਨੀਅਨਾਂ ਵਲੋਂ ਮਾਲ ਗੱਡੀਆਂ ਲੰਘਾਉਣ ਦੀ ਇਜਾਜ਼ਤ ਦੇਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਸੂਬੇ ਦੇ ਅਰਥਚਾਰੇ ਅਤੇ ਇਸ ਦੀ ਮੁੜ ਸੁਰਜੀਤੀ ਦੇ ਹਿਤ ਵਿਚ ਦਸਿਆ। ਮੁੱਖ ਮੰਤਰੀ ਨੇ ਉਨ੍ਹਾਂ ਦੀ ਅਪੀਲ ਨੂੰ ਹਾਂ-ਪੱਖੀ ਹੁੰਗਾਰਾ ਭਰਨ ਲਈ ਕਿਸਾਨ ਯੂਨੀਅਨਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਇਹ ਕਦਮ ਚੁੱਕ ਕੇ ਪੰਜਾਬ ਦੇ ਲੋਕਾਂ ਪ੍ਰਤੀ ਅਪਣੇ ਪਿਆਰ ਅਤੇ ਸੰਜੀਦਗੀ ਦਾ ਪ੍ਰਗਟਾਵਾ ਕੀਤਾ ਹੈ ਕਿਉਂ ਜੋ ਇਸ ਨਾਲ ਸੂਬੇ ਨੂੰ ਕੋਲੇ ਦੀ ਅਤਿ ਲੋੜੀਂਦੀ ਸਪਲਾਈ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਰੇਲ ਰੋਕੋ ਕਾਰਨ ਕੋਲੇ ਦੀ ਥੁੜ੍ਹ ਹੋਣ ਦੇ ਨਤੀਜੇ ਵਜੋਂ ਪੰਜਾਬ ਦੇ ਲੋਕ ਮੁਕੰਮਲ ਬਿਜਲੀ ਬੰਦ ਹੋਣ ਦਾ ਸਾਹਮਣਾ ਕਰ ਰਹੇ ਸਨ ਅਤੇ ਕਿਸਾਨ ਜਥੇਬੰਦੀਆਂ ਦਾ ਫ਼ੈਸਲਾ ਉਨ੍ਹਾਂ ਲਈ ਵੱਡੀ ਰਾਹਤ ਦੇ ਤੌਰ 'ਤੇ ਆਇਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਕਿਸਾਨ ਜਥੇਬੰਦੀਆਂ ਨੇ ਇਹ ਵੀ ਯਕੀਨੀ ਬਣਾਇਆ ਕਿ ਉਦਯੋਗ ਨੂੰ ਹੋਰ ਪ੍ਰੇਸ਼ਾਨੀ ਸਹਿਣ ਨਾ ਕਰਨੀ ਪਵੇ ਅਤੇ ਉਦਯੋਗ ਮੁੜ ਪੈਰਾਂ 'ਤੇ ਖੜਾ ਹੋਵੇਗਾ। ਕਿਸਾਨਾਂ ਦਾ ਰੇਲ ਰੋਕੋ ਸੰਘਰਸ਼ ਉਦਯੋਗ ਲਈ ਵੱਡੇ ਵਿੱਤੀ ਘਾਟੇ ਦਾ ਕਾਰਨ ਬਣਿਆ ਜਦਕਿ ਉਦਯੋਗ ਪਹਿਲਾਂ ਹੀ ਕੋਵਿਡ ਮਹਾਂਮਾਰੀ ਕਾਰਨ ਸੰਕਟ ਵਿਚ ਜਕੜਿਆ ਹੋਇਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਸੂਬੇ ਦੀ ਪਿੱਠ ਨਹੀਂ ਲੱਗਣ ਦਿਤੀ ਅਤੇ ਉਹ ਵੀ ਨਿਜੀ ਤੌਰ 'ਤੇ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੀ ਸਰਕਾਰ ਕਦੇ ਵੀ ਕਿਸਾਨਾਂ ਦੀ ਪਿੱਠ ਨਾ ਲੱਗਣ ਦੇਵੇ। ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਮੁਸਾਫ਼ਰ ਰੇਲਾਂ 'ਤੇ ਵੀ ਰੋਕਾਂ ਹਟਾਉਣ ਦੀ ਅਪੀਲ ਕੀਤੀ ਕਿਉਂ ਜੋ ਹਰ ਰੋਜ਼ ਖਾਸ ਕਰ ਕੇ ਤਿਉਹਾਰਾਂ ਦੇ ਸਮੇਂ ਦੌਰਾਨ ਹਜ਼ਾਰਾਂ ਪੰਜਾਬੀ ਸਫ਼ਰ ਕਰਦੇ ਹਨ। ਪੰਜਾਬੀਆਂ ਦੇ ਹਿਤ ਵਿਚ ਮੁਸਾਫ਼ਰ ਰੇਲਾਂ ਲੰਘਾਉਣ ਦੀ ਇਜਾਜ਼ਤ ਦੇਣ ਲਈ ਕਿਸਾਨਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਤਿਉਹਾਰਾਂ ਦੇ ਸੀਜ਼ਨ ਦੌਰਾਨ ਅਪਣੇ ਪ੍ਰਵਾਰਾਂ ਕੋਲ ਘਰ ਵਾਪਸ ਆਉਣਾ ਚਾਹੁੰਦੇ ਹਨ।