
ਪਾਕਿ ਦੇ ਗੁਰਧਾਮਾਂ ਲਈ 500 ਮਿਲੀਅਨ ਪੌਂਡ ਦੀ ਸੇਵਾ ਕਰਨ ਵਾਲੇ ਸਿੱਖ ਪੀਟਰ ਵਿਰਦੀ ਦੇ ਪਿਤਾ ਦਾ ਪੰਜਾਬ ਪਹੁੰਚਣ 'ਤੇ ਕੀਤਾ ਸਨਮਾਨ
ਸ਼੍ਰੀ ਗੋਇੰਦਵਾਲ ਸਾਹਿਬ, 21 ਅਕਤੂਬਰ (ਅੰਤਰਪ੍ਰੀਤ ਸਿੰਘ ਖਹਿਰਾ): ਇੰਗਲੈਂਡ ਦੇ ਪ੍ਰਸਿੱਧ ਸਿੱਖ ਕਾਰੋਬਾਰੀ ਪੀਟਰ ਵਿਰਦੀ ਦੇ ਪਿਤਾ ਸ. ਹਰਭਜਨ ਸਿੰਘ ਵਿਰਦੀ ਦੇ ਇਤਿਹਾਸਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਤਨਾਮ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਪਹੁੰਚਣ ਤੇ ਇੰਡਸਟਰੀ ਐਸੋਸ਼ੀਏਸਨ ਸ੍ਰੀ ਗੋਇੰਦਵਾਲ ਸਾਹਿਬ ਦੇ ਸਮੂਹ ਅਹੁਦੇਦਾਰਾਂ ਜਿਨ੍ਹਾਂ ਵਿਚ ਗੁਰਿੰਦਰਪਾਲ ਸਿੰਘ ਸੰਧੂ ਚੇਅਰਮੈਨ ਇੰਡਸਟਰੀ ਐਸੋਸ਼ੀਏਸਨ ਗੋਇੰਦਵਾਲ ਸਾਹਿਬ , ਰਣਜੀਤ ਸਿੰਘ ਭੁੱਲਰ ਪ੍ਰਧਾਨ ਇੰਡਸਟਰੀ ਐਸੋਸ਼ੀਏਸਨ ਵਲੋਂ ਸ. ਹਰਭਜਨ ਸਿੰਘ ਵਿਰਦੀ ਨੂੰ ਸਿਰੋਪਾਉ ਭੇਂਟ ਕਰ ਕੇ ਸਨਮਾਨਤ ਕੀਤਾ ਅਤੇ ਗੋਇੰਦਵਾਲ ਸਾਹਿਬ ਪਹੁੰਚਣ 'ਤੇ ਜੀ ਆਇਆ ਆਖਿਆ।
ਇਸ ਮੌਕੇ ਗੁਰਿੰਦਰਪਾਲ ਸਿੰਘ ਸੰਧੂ ਅਤੇ ਰਣਜੀਤ ਸਿੰਘ ਭੁੱਲਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੂਰੀ ਸਿੱਖ ਕਮਿਊਨਟੀ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸ. ਹਰਭਜਨ ਸਿੰਘ ਦੇ ਬੇਟੇ ਸ. ਪੀਟਰ ਵਿਰਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ 'ਤੇ ਪਾਕਿਸਤਾਨ ਨੂੰ ਗੁਰਧਾਮਾਂ ਲਈ 500 ਮਿਲੀਅਨ ਪੌਡ ਦੀ ਸੇਵਾ ਕੀਤੀ ਸੀ ਜਿਸ ਨਾਲ ਪੂਰੇ ਵਿਸ਼ਵ ਵਿਚ ਸਿੱਖਾਂ ਦਾ ਮਾਣ ਵਧਿਆ ਹੈ। ਉਨ੍ਹਾਂ ਕਿਹਾ ਕਿ ਸ. ਪੀਟਰ ਵਿਰਦੀ ਇਕ ਸਫ਼ਲ ਕਾਰੋਬਾਰੀ ਹੋਣ ਦੇ ਨਾਲ-ਨਾਲ ਇਕ ਬਹੁਤ ਹੀ ਵਧੀਆ ਇਨਸਾਨ ਹਨ ਜੋ ਗੁਰੂਆਂ ਵਲੋਂ ਦਸੇ ਰਾਹ ਤੇ ਚਲਦਿਆਂ ਸਮੇਂ-ਸਮੇਂ ਤੇ ਅਪਣੇ ਕਾਰੋਬਾਰ ਵਿਚੋਂ ਗੁਰਧਾਮਾਂ ਲਈ ਦਸਵੰਧ ਕਢਦੇ ਰਹਿੰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਭਿੰਦਰ ਸਿੰਘ ਗਿੱਲ, ਜੀ.ਬੀ ਸਿੰਘ, ਮਨਜੀਤ ਸਿੰਘ ਸਿੱਧੂ,ਆਤਮਜੀਤ ਸਿੰਘ, ਪਲਵਿੰਦਰ ਸਿੰਘ ਫ਼ੌਜੀ, ਸੁਖਵਿੰਦਰ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।