
ਹਰੀਸ਼ ਰਾਵਤ ਨੇ ਖੁਦ ਮੰਗਿਆ ਸੀ ਆਪਣਾ ਅਸਤੀਫ਼ਾ
ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਸਿਆਸਤ ਵਿਚ ਇਕ ਵਾਰ ਫਿਰ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਕਾਂਗਰਸ ਹਾਈਕਮਾਨ ਨੇ ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਇੰਚਾਰਜ ਦੇ ਅਹੁਦੇ ਤੋਂ ਲਾਂਭੇ ਕਰਕੇ ਹਰੀਸ਼ ਚੌਧਰੀ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਰੀਸ਼ ਰਾਵਤ ਕਾਫੀ ਸਮੇਂ ਤੋਂ ਮੰਗ ਕਰਦੇ ਆ ਰਹੇ ਸਨ ਕਿ ਉਨ੍ਹਾਂ ਨੂੰ ਪੰਜਾਬ ਕਾਂਗਰਸ ਇੰਚਾਰਜ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਜਾਵੇ,
Harish Rawat
ਰਾਵਤ ਦਾ ਤਰਕ ਸੀ ਕਿ ਉਹ ਹੁਣ ਉਤਰਾਖੰਡ ਵਿਚ ਹੀ ਸਰਗਰਮ ਸਿਆਸਤ ਵਿਚ ਜ਼ਿੰਮੇਵਾਰੀ ਨਿਭਾਉਣਾ ਚਾਹੁੰਦੇ ਹਨ। ਪੰਜਾਬ ਕਾਂਗਰਸ ਦਾ ਇੰਚਾਰਜ ਹੋਣ ਕਰਕੇ ਉਹ ਉੱਤਰਾਖੰਡ ਵਿਚ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਹੇ ਹਨ। ਲਿਹਾਜ਼ਾ ਹੁਣ ਉਨ੍ਹਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਤੋਂ ਫਾਰਗ ਕੀਤਾ ਜਾਵੇ। ਹੁਣ ਹਰੀਸ਼ ਰਾਵਤ ਦੀ ਥਾਂ ਰਾਜਸਥਾਨ ਦੇ ਮਾਲ ਮੰਤਰੀ ਅਤੇ ਪੰਜਾਬ ਦੇ ਸਹਿ–ਇੰਚਾਰਜ ਹਰੀਸ਼ ਚੌਧਰੀ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਬਣਾ ਦਿੱਤਾ ਗਿਆ ਹੈ।
ਦਰਅਸਲ ਪੰਜਾਬ ਦੇ ਨਾਲ ਹੀ ਉੱਤਰਾਖੰਡ ’ਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਹਰੀਸ਼ ਰਾਵਤ ਉਤਰਾਖੰਡ ’ਚ ਕਾਂਗਰਸ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਕਰ ਰਹੇ ਹਨ। ਜਿਸ ਕਾਰਨ ਹੁਣ ਉਹ ਬਾਕੀ ਸਮਾਂ ਉਤਰਾਖੰਡ ਨੂੰ ਦੇਣਾ ਚਾਹੁੰਦੇ ਹਨ।