
ਜਿੱਥੇ ਲੋਕ ਦੀਵਾਲੀ ਦੀਆਂ ਖ਼ੁਸ਼ੀਆਂ ਮਨਾ ਰਹੇ ਹਨ, ਉੱਥੇ ਹੀ ਇਹ ਗਰੀਬ ਪਰਿਵਾਰ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਾ ਰਿਹਾ ਹੈ।
ਸਮਰਾਲਾ: ਪਿੰਡ ਟਮਕੋਦੀ ਵਿਖੇ ਇਕ ਗਰੀਬ ਪਰਿਵਾਰ 'ਤੇ ਦੀਵਾਲੀ ਤੋਂ ਪਹਿਲਾ ਦੁੱਖਾਂ ਦਾ ਪਹਾੜ ਟੁੱਟ ਪਿਆ, ਦਰਅਸਲ ਗਰੀਬ ਪਰਿਵਾਰ ਦੇ ਘਰ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਦੌਰਾਨ ਸਭ ਕੁੱਝ ਸੜ ਕੇ ਸੁਆਹ ਹੋ ਗਿਆ।
ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਉਸ ਦੇ ਘਰ ਨੂੰ ਅੱਗ ਲੱਗ ਗਈ। ਗਨੀਮਤ ਰਹੀ ਕਿ ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਉਸ ਦੇ ਪਰਿਵਾਰ ਦੇ ਕੱਪੜੇ, ਬੱਚਿਆਂ ਦੀਆਂ ਕਿਤਾਬਾਂ ਅਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ।
ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਦੀਆਂ 3 ਧੀਆਂ ਅਤੇ ਇਕ ਪੁੱਤਰ ਹੈ ਅਤੇ ਉਹ ਦਿਹਾੜੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਸੁਖਵਿੰਦਰ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਹ ਰੋਟੀ ਅਤੇ ਕੱਪੜਿਆਂ ਦੇ ਵੀ ਮੁਥਾਜ਼ ਹੋ ਗਏ ਹਨ।
ਉਸ ਨੇ ਦੱਸਿਆ ਕਿ ਕਈ ਵਾਰ ਉਨ੍ਹਾਂ ਨੇ ਪੱਕਾ ਮਕਾਨ ਬਣਾਉਣ ਲਈ ਅਰਜ਼ੀ ਦਿੱਤੀ ਹੈ ਪਰ ਉਸ ਦੀ ਕੋਈ ਵੀ ਸੁਣਵਾਈ ਨਹੀਂ ਹੋਈ। ਹੁਣ ਜਿੱਥੇ ਲੋਕ ਦੀਵਾਲੀ ਦੀਆਂ ਖ਼ੁਸ਼ੀਆਂ ਮਨਾ ਰਹੇ ਹਨ, ਉੱਥੇ ਹੀ ਇਹ ਗਰੀਬ ਪਰਿਵਾਰ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਾ ਰਿਹਾ ਹੈ।