
ਗੁਰਵਿੰਦਰ ਸਿੰਘ ਸ਼ਨੀਵਾਰ ਸ਼ਾਮ ਸਤਲੁਜ ਦਰਿਆ ਦੇ ਕੰਢੇ ਖੇਡ ਰਿਹਾ ਸੀ, ਖੇਡਦੇ ਹੋਏ ਉਹ ਪਾਣੀ ਦੇ ਅੰਦਰ ਚਲਾ ਗਿਆ ਤੇ ਡੁੱਬ ਗਿਆ
ਫਿਰੋਜ਼ਪੁਰ - ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਅਤੇ ਸਤਲੁਜ ਦਰਿਆ ਨਾਲ ਘਿਰੇ ਭਾਰਤ ਦੇ ਪਹਿਲੇ ਪਿੰਡ ਕਾਲੂਵਾਲਾ ਦੇ ਰਹਿਣ ਵਾਲੇ ਅੱਠ ਸਾਲਾ ਪੰਜਵੀਂ ਜਮਾਤ ਦੇ ਵਿਦਿਆਰਥੀ ਦੀ ਦਰਿਆ ਵਿਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਕਾਲੂਵਾਲਾ ਵਜੋਂ ਹੋਈ ਹੈ।
ਗੁਰਵਿੰਦਰ ਸਿੰਘ ਸ਼ਨੀਵਾਰ ਸ਼ਾਮ ਸਤਲੁਜ ਦਰਿਆ ਦੇ ਕੰਢੇ ਖੇਡ ਰਿਹਾ ਸੀ, ਖੇਡਦੇ ਹੋਏ ਉਹ ਪਾਣੀ ਦੇ ਅੰਦਰ ਚਲਾ ਗਿਆ ਤੇ ਡੁੱਬ ਗਿਆ। ਪਿੰਡ ਦੇ ਕੁਝ ਲੋਕਾਂ ਨੇ ਗੁਰਵਿੰਦਰ ਸਿੰਘ ਨੂੰ ਦਰਿਆ ਵਿਚ ਡੁੱਬਦੇ ਦੇਖਿਆ ਪਰ ਜਦੋਂ ਤੱਕ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।ਕਈ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਰਾਤ ਕਰੀਬ 10.15 ਵਜੇ ਬੱਚੇ ਦੀ ਲਾਸ਼ ਨੂੰ ਦਰਿਆ ਵਿਚੋਂ ਬਾਹਰ ਕੱਢਿਆ ਗਿਆ।
ਉਕਤ ਘਟਨਾ ਕਾਰਨ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਹੈ। ਗੁਰਵਿੰਦਰ ਸਿੰਘ ਪਿੰਡ ਦੇ ਸਕੂਲ ਵਿਚ ਪੜ੍ਹਦਾ ਸੀ ਅਤੇ ਬਹੁਤ ਹੋਣਹਾਰ ਸੀ। ਉਸ ਦੇ ਪਿਤਾ ਅਨੁਸਾਰ ਗੁਰਵਿੰਦਰ ਸਿੰਘ ਬਹੁਤ ਹੀ ਹੱਸਮੁੱਖ ਸੁਭਾਅ ਦਾ ਸੀ, ਜਿਸ ਕਾਰਨ ਉਹ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਕਰਦਾ ਸੀ। ਅਜਿਹੇ 'ਚ ਗੁਰਵਿੰਦਰ ਸਿੰਘ ਦੀ ਮੌਤ ਕਾਰਨ ਪਰਿਵਾਰ ਦੇ ਸਾਰੇ ਮੈਂਬਰ ਸਦਮੇ 'ਚ ਹਨ, ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਪਿੰਡ ਜੁਲਾਈ-ਅਗਸਤ ਦੇ ਮਹੀਨੇ ਸਤਲੁਜ ਦਰਿਆ ਵਿਚ ਆਏ ਹੜ੍ਹ ਕਾਰਨ ਕਾਫ਼ੀ ਪ੍ਰਭਾਵਿਤ ਹੋਇਆ ਸੀ ਅਤੇ ਹੜ੍ਹ ਦੌਰਾਨ ਪਿੰਡ ਦੇ ਬਹੁਤੇ ਲੋਕ ਪਿੰਡ ਤੋਂ ਬਾਹਰ ਰਾਹਤ ਕੈਂਪਾਂ ਵਿਚ ਠਹਿਰੇ ਸਨ। ਸਤੰਬਰ ਮਹੀਨੇ ਵਿਚ ਹੜ੍ਹ ਘੱਟ ਹੋਣ ’ਤੇ ਲੋਕ ਪਿੰਡ ਪਰਤ ਆਏ ਸਨ। ਇਹ ਪਿੰਡ ਦੋ ਪਾਸਿਆਂ ਤੋਂ ਸਤਲੁਜ ਦਰਿਆ ਅਤੇ ਦੋ ਪਾਸਿਆਂ ਤੋਂ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਘਿਰਿਆ ਹੋਇਆ ਹੈ।