
ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵੀਡੀਓ
ਬਟਾਲਾ: ਬਟਾਲਾ ਥਾਣਾ ਬਟਾਲਾ ਅਧੀਨ ਪੈਂਦੇ ਪਿੰਡ ਧੂਪਸਾੜੀ ਵਿਚ ਗਲੀ ਵਿਚ ਮੋਟਰਸਾਈਕਲ ਪਾਰਕ ਕਰਨ ਨੂੰ ਲੈ ਕੇ ਦੋ ਧਿਰਾਂ ਵਿਚ ਲੜਾਈ ਹੋ ਗਈ। ਇਕ ਧਿਰ ਨੇ ਦੂਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ। ਜਿਸ ਵਿਚ ਦੂਜੀ ਧਿਰ ਦਾ ਇੱਕ 65 ਸਾਲਾ ਵਿਅਕਤੀ ਅਤੇ ਇੱਕ 35 ਸਾਲਾ ਔਰਤ ਗੰਭੀਰ ਜ਼ਖ਼ਮੀ ਹੋ ਗਏ। ਇਸ ਲੜਾਈ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜ਼ਖ਼ਮੀਆਂ ਦਾ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਚੱਲ ਰਿਹਾ ਹੈ। ਪੁਲਿਸ ਵਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਮਲੇ ਵਿਚ ਜ਼ਖਮੀ ਹੋਏ 65 ਸਾਲਾ ਵਿਅਕਤੀ ਜਗਤਾਰ ਸਿੰਘ ਅਤੇ 35 ਸਾਲਾ ਔਰਤ ਕੁਲਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਮਨਪ੍ਰੀਤ ਚਾਰੇ ਦੀ ਗੱਡੀ ਲੈ ਕੇ ਘਰ ਆ ਰਿਹਾ ਸੀ ਅਤੇ ਸੋਨੂੰ ਦਾ ਮੋਟਰਸਾਈਕਲ ਗਲੀ ਵਿੱਚ ਖੜ੍ਹਾ ਸੀ।
ਮੋਟਰਸਾਈਕਲ ਕਾਰਨ ਚਾਰਾ ਵਿਕਰੇਤਾ ਨੂੰ ਗਲੀ ਵਿਚੋਂ ਰੇਹੜੀ ਨੂੰ ਕੱਢਣਾ ਬਹੁਤ ਔਖਾ ਹੋ ਰਿਹਾ ਸੀ। ਜਦੋਂ ਮਨਪ੍ਰੀਤ ਨੇ ਸੋਨੂੰ ਨੂੰ ਮੋਟਰਸਾਈਕਲ ਇੱਕ ਪਾਸੇ ਕਰਨ ਲਈ ਕਿਹਾ ਤਾਂ ਸੋਨੂੰ ਅਤੇ ਮਨਪ੍ਰੀਤ ਵਿਚਕਾਰ ਝਗੜਾ ਸ਼ੁਰੂ ਹੋ ਗਿਆ। ਫਿਰ ਸੋਨੂੰ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ 'ਚ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਸੋਨੂੰ ਅਤੇ ਸੋਨੂੰ ਦੇ ਪਰਿਵਾਰਕ ਮੈਂਬਰ ਮੌਕੇ ਤੋਂ ਫਰਾਰ ਹੋ ਗਏ।
ਪੀੜਤ ਪਰਿਵਾਰ ਦੀ ਮੰਗ ਹੈ ਕਿ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਬਟਾਲਾ ਦੇ ਐਸ.ਐਚ.ਓ ਸੁਖਰਾਜ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੇ ਬਿਆਨ ਦਰਜ ਕਰਕੇ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਸਾਹਮਣੇ ਆਇਆ, ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।