
30 ਕਿਸਾਨ ਜਥੇਬੰਦੀਆਂ ਹੋਈਆਂ 15 ਦਿਨ ਲਈ ਸੱਭ ਰੇਲਾਂ ਨੂੰ ਰਾਹ ਦੇਣ ਲਈ ਸਹਿਮਤ
15 ਦਿਨ ਵਿਚ ਕੇਂਦਰ ਵਲੋਂ ਖੇਤੀ ਕਾਨੂੰਨ ਰੱਦ ਨਾ ਕਰਨ 'ਤੇ ਮੁੜ ਰੇਲਾਂ ਮੁਕੰਮਲ ਜਾਮ ਕਰਨ ਦਾ ਵੀ ਦਿਤਾ ਅਲਟੀਮੇਟਮ
ਚੰਡੀਗੜ੍ਹ, 21 ਨਵੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਬਾਅਦ ਅੱਜ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਚਲਾਉਣ ਲਈ ਨਾਲ ਮੁਸਾਫ਼ਰ ਗੱਡੀਆਂ ਚਲਾਉਣ ਉਤੇ ਸੱਭ ਰੋਕਾਂ 15 ਦਿਨ ਲਈ ਹਟਾਉਣ ਦੀ ਹਾਮੀ ਭਰ ਦਿਤੀ ਹੈ। ਹਾਲੇ ਅੰਮ੍ਰਿਤਸਰ ਖੇਤਰ ਵਿਚ ਅੰਦੋਲਨ ਕਰ ਰਹੀ ਕਿਸਾਨ ਮਜ਼ਦੂਰ ਜਥੇਬੰਦੀ ਨੇ ਇਸ ਬਾਰੇ ਫ਼ੈਸਲਾ ਨਹੀਂ ਲਿਆ ਤੇ ਸੱਦੇ ਦੇ ਬਾਵਜੂਦ ਇਹ ਜਥੇਬੰਦੀ ਅੱਜ ਮੁੱਖ ਮੰਤਰੀ ਦੀ ਮੀਟਿੰਗ ਵਿਚ ਸ਼ਾਮਲ ਵੀ ਨਹੀਂ ਹੋਈ।
ਜ਼ਿਕਰਯੋਗ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਨੇ ਸਿਰਫ਼ ਇਸ ਸ਼ਰਤ ਨਾਲ 15 ਦਿਨ ਲਈ ਰੇਲ ਰੋਕੋ ਐਕਸ਼ਨ ਮੁਲਤਵੀ ਕੀਤਾ ਹੈ ਕਿ ਕੇਂਦਰ ਸਰਕਾਰ ਇਸ ਸਮੇਂ ਦੌਰਾਨ ਤਿੰਨ ਖੇਤੀ ਕਾਨੂੰਨ ਰੱਦ ਕਰੇ। ਅਜਿਹਾ ਨਾ ਹੋਣ 'ਤੇ 10 ਦਸੰਬਰ ਬਾਅਦ ਮੁੜ ਰੇਲਾਂ ਨੂੰ ਪਟੜੀਆਂ 'ਤੇ ਧਰਨੇ ਲਾ ਕੇ ਮੁਕੰਮਲ ਜਾਮ ਕਰਨ ਦੀ ਗੱਲ ਆਖੀ ਗਈ ਹੈ। ਕਿਸਾਨ ਜਥੇਬੰਦੀਆਂ ਨੇ ਅਪਣਾ 26-27 ਨਵੰਬਰ ਦਾ ਦਿੱਲੀ ਕੂਚ ਦਾ ਪ੍ਰੋਗਰਾਮ ਬਿਨਾਂ ਕਿਸੇ ਤਬਦੀਲੀ ਬਰਕਰਾਰ ਰੱਖਣ ਅਤੇ ਅੰਦੋਲਨ ਤਹਿਤ ਚਲ ਰਹੇ ਹੋਰ ਐਕਸ਼ਨਾਂ ਤਹਿਤ ਭਾਜਪਾ ਆਗੂਆਂ ਦੇ ਘਿਰਾਉ, ਵੱਡੇ ਕਾਰਪੋਰੇਟ ਘਰਾਣਿਆਂ ਦੇ ਮਾਲਜ਼ ਤੇ ਟੋਲ ਪਲਾਜ਼ਿਆਂ 'ਤੇ ਧਰਨੇ ਜਾਰੀ ਰੱਖਣ ਦਾ ਵੀ ਐਲਾਨ ਕੀਤਾ। ਇਹ ਵੀ ਸਪਸ਼ਟ ਕਰ ਦਿਤਾ ਗਿਆ ਕਿ ਭਾਵੇਂ ਰੇਲ ਰੋਕੋ ਪ੍ਰੋਗਰਾਮ ਮੁਲਤਵੀ ਕੀਤਾ ਗਿਆ ਹੈ ਪਰ ਰੇਲਵੇ ਸਟੇਸ਼ਨਾਂ ਤੋਂ ਬਾਹਰ ਪਾਰਕਾਂ ਵਿਚ ਧਰਨੇ ਵੀ ਪਹਿਲਾਂ ਵਾਂਗ ਜਾਰੀ ਰਹਿਣਗੇ ਪਰ ਕਿਸੇ ਗੱਡੀ ਦੇ ਰਾਹ ਵਿਚ ਕਿਸਾਨ ਨਿਰਧਾਰਤ 15 ਦਿਨ ਦੇ ਸਮੇਂ ਦੌਰਾਨ ਕੋਈ ਰੁਕਾਵਟ ਨਹੀਂ ਪਾਉਣਗੇ।
ਮੁੱਖ ਮੰਤਰੀ ਨਾਲ ਮੀਟਿੰਗ ਤੋਂ ਪਹਿਲਾਂ 30 ਕਿਸਾਨ ਜਥੇਬੰਦੀਆਂ ਨੇ ਸਵੇਰੇ
ਪਹਿਲਾਂ ਕਿਸਾਨ ਭਵਨ ਵਿਚ ਅਪਣੀ ਮੀਟਿੰਗ ਪੰਜਾਬ ਕਿਸਾਨ ਮੰਚ ਦੇ ਪ੍ਰਧਾਨ ਬੂਟਾ ਸਿੰਘ ਸ਼ਾਨੀਪੁਰ ਦੀ ਪ੍ਰਧਾਨਗੀ ਹੇਠ ਕੀਤੀ। ਇਸ ਵਿਚ ਹੀ ਮੁਸਾਫ਼ਰ ਗੱਡੀਆਂ ਨੂੰ ਵੀ ਰਾਹ ਛੱਡਣ ਦਾ ਫ਼ੈਸਲਾ ਕੀਤਾ ਗਿਆ।
ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿਚ ਕਿਸਾਨ ਆਗੂਆਂ ਨੂੰ ਮਾਲ ਗੱਡੀਆਂ ਬੰਦ ਹੋਣ ਕਾਰਨ ਸੂਬੇ ਦੇ ਹੋਰ ਰਹੇ ਆਰਥਕ ਨੁਕਸਾਨ ਤੋਂ ਜਾਣੂੰ ਕਰਵਾਇਆ ਗਿਆ।
ਫ਼ੋਟੋ: ਸੰਤੋਖ ਸਿੰਘ