
ਅਦਾਲਤ ਨੇ ਪੋਲੀਗ੍ਰਾਫ਼ ਟੈਸਟ ਕਰਵਾਉਣ ਦਾ ਵੀ ਦਿੱਤਾ ਹੁਕਮ
ਨਵੀਂ ਦਿੱਲੀ : ਸ਼ਰਧਾ ਵਾਕਰ ਹੱਤਿਆਕਾਂਡ ਵਿਚ ਹੁਣ ਦੋਸ਼ੀ ਆਫ਼ਤਾਬ ਅਮੀਨ ਪੂਨਾਵਾਲਾ ਨੂੰ ਮੁੜ ਚਾਰ ਦਿਨ ਲਈ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਦਿੱਲੀ ਦੀ ਸਾਕੇਤ ਅਦਾਲਤ ਨੇ ਉਸ ਦਾ ਪੋਲੀਗ੍ਰਾਫ਼ ਕਰਵਾਉਣ ਦਾ ਵੀ ਹੁਕਮ ਦਿੱਤਾ ਹੈ। ਇਹ ਸਾਰੀ ਜਾਣਕਾਰੀ ਦਿੱਲੀ ਦੇ ਸੀਨੀਅਰ ਅਧਿਕਾਰੀ ਨੇ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਆਫ਼ਤਾਬ ਅਮੀਨ ਪੂਨਾਵਾਲਾ ਦੀ ਪੰਜ ਦਿਨ ਦੀ ਪੁਲਿਸ ਹਿਰਾਸਤ ਅੱਜ ਖ਼ਤਮ ਹੋਈ ਸੀ। ਜਿਸ ਤੋਂ ਬਾਅਦ ਉਸ ਨੂੰ ਸਾਕੇਤ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
ਬਚਾਅ ਪੱਖ ਦੇ ਵਕੀਲ ਦੇ ਅਨੁਸਾਰ, ਪੂਨਾਵਾਲਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਉਕਸਾਵੇ ਵਿਚ ਆ ਕੇ ਇਸ ਅਪਰਾਧ ਨੂੰ ਅੰਜਾਮ ਦਿੱਤਾ ਹੈ। ਉਸ ਨੇ ਅਦਾਲਤ ਦੇ ਸਾਹਮਣੇ ਇਹ ਵੀ ਕਿਹਾ ਕਿ ਉਹ ਪੁਲਿਸ ਨੂੰ ਸਹਿਯੋਗ ਕਰ ਰਿਹਾ ਹੈ। ਵਕੀਲ ਨੇ ਕਿਹਾ ਕਿ ਪੂਨਾਵਾਲਾ ਨੂੰ ਉਨ੍ਹਾਂ ਥਾਵਾਂ ਦੀ ਸਹੀ ਪਛਾਣ ਨਹੀ ਹੈ,ਜਿੱਥੇ ਉਸ ਨੇ ਕਥਿਤ ਤੌਰ 'ਤੇ ਸਰੀਰ ਦੇ ਅੰਗ ਸੁੱਟੇ ਕਿਉਂਕਿ ਉਹ ਸ਼ਹਿਰ ਨਾਲ ਚੰਗੀ ਤਰ੍ਹਾਂ ਜਾਣੂ ਨਹੀਂ ਸੀ। ਪੂਨਾਵਾਲਾ ਨੂੰ ਸਰੀਰ ਦੇ ਅੰਗਾਂ ਦੀ ਭਾਲ ਲਈ ਦੋ ਤਾਲਾਬਾਂ ਵਿੱਚ ਲਿਜਾਇਆ ਜਾਵੇਗਾ, ਇੱਕ ਮਹਿਰੌਲੀ ਦੇ ਜੰਗਲ ਵਿੱਚ ਅਤੇ ਦੂਜਾ ਮੈਦਾਨਗੜ੍ਹੀ ਖੇਤਰ ਵਿੱਚ। ਵਕੀਲ ਨੇ ਕਿਹਾ ਪੂਨਾਵਾਲਾ ਨੇ ਇੱਕ ਛੱਪੜ ਦੀ ਤਸਵੀਰ ਵੀ ਦਿੱਤੀ ਹੈ ਜਿੱਥੇ ਉਸ ਨੇ ਕਥਿਤ ਤੌਰ 'ਤੇ ਸਰੀਰ ਦੇ ਅੰਗ ਸੁੱਟੇ ਸਨ।
ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ, ਜਾਂਚ ਅਜੇ ਜਾਰੀ ਹੋਣ ਕਰਕੇ ਪੂਨਾਵਾਲਾ ਦੀ ਹਿਰਾਸਤ ਵਿੱਚ ਵਾਧਾ ਕੀਤਾ ਜਾਵੇ। ਦਿੱਲੀ ਪੁਲਿਸ ਵਲੋਂ ਇਸ ਮਾਮਲੇ ਵਿਚ ਹੋਰ ਸਬੂਤ ਇਕੱਠੇ ਕਰਨ ਲਈ ਅਦਾਲਤ ਨੂੰ ਅਪੀਲ ਕੀਤੀ ਗਈ ਸੀ ਜਿਸ 'ਤੇ ਅਮਲ ਕਰਦਿਆਂ ਅਦਾਲਤ ਨੇ ਪੂਨਵਾਲਾ ਦੀ ਪੁਲਿਸ ਹਿਰਾਸਤ ਵਿਚ ਵਾਧਾ ਕਰ ਦਿੱਤਾ ਹੈ।