
27ਵਾਂ ਪੈਦਲ ਦਸ਼ਮੇਸ਼ ਮਾਰਚ ਸ੍ਰੀ ਆਨੰਦਪੁਰ ਸਾਹਿਬ ਤੋਂ ਮਹਿਦੈਆਣਾ ਸਾਹਿਬ ਲਈ ਹੋਇਆ ਰਵਾਨਾ
ਸ੍ਰੀ ਆਨੰਦਪੁਰ ਸਾਹਿਬ, 21 ਦਸੰਬਰ (ਸੁਖਵਿੰਦਰਪਾਲ ਸਿੰਘ ਸੁੱਖੂ, ਸੇਵਾ ਸਿੰੰਘ): ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਅਪਣੇ ਪ੍ਰਵਾਰ ਸਮੇਤ 6-7 ਪੋਹ ਦੀ ਰਾਤ ਨੂੰ ਕਿਲ੍ਹਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਛੱਡਣ ਨੂੰ ਦਰਸਾਉਂਦਾ 27ਵਾਂ ਦਸ਼ਮੇਸ਼ ਪੈਦਲ ਮਾਰਚ ਅੱਜ ਸਵੇਰੇ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਗੁਰਦੁਆਰਾ ਮੈਹਦੇਆਣਾ ਸਾਹਿਬ ਲਈ ਰਵਾਨਾ ਹੋਇਆ।
ਭਾਰੀ ਠੰਢ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ’ਚ ਜੁੜੀਆਂ ਸੰਗਤਾਂ ਦੇ ਇਕੱਠ ਵਿਚ ਤੜਕਸਾਰ 4 ਵਜੇ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਯੋਗ ਅਗਵਾਈ ਹੇਠ ਚਲਿਆ ਇਹ ਪੈਦਲ ਮਾਰਚ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਿਆ। ਤਖ਼ਤ ਸਾਹਿਬ ਵਿਖੇ ਪਹੁੰਚ ਕੇ ਸੱਭ ਤੋਂ ਪਹਿਲਾਂ ਮਾਰਚ ਨਾਲ ਪੈਦਲ ਚਲਣ ਵਾਲੇ ਪੰਜ ਪਿਆਰੇ ਸਾਹਿਬਾਨ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਜਾ ਕੇ ਮੱਥਾ ਟੇਕਿਆ। ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਇਹ ਦਸਮੇਸ਼ ਪੈਦਲ ਮਾਰਚ ਅਪਣੇ ਅਗਲੇ ਪੜਾਅ ਲਈ ਰਵਾਨਾ ਹੋ ਗਿਆ। ਗੁਰਦੁਆਰਾ ਮਹਿਦੇਆਣਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਕੁਲਵੰਤ ਸਿੰਘ ਲੱਖਾ ਵਲੋਂ ਇਸ ਦਸਮੇਸ਼ ਮਾਰਚ ਲਈ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।
ਪੈਦਲ ਮਾਰਚ ਦੌਰਾਨ ਵੱਡੀ ਗਿਣਤੀ ’ਚ ਊਠ, ਘੋੜਿਆਂ ਤੋਂ ਇਲਾਵਾ ਟਰੈਕਟਰ ਟਰਾਲੀਆਂ ਦੇ ਉਪਰ ਗੁਰੂ ਸਾਹਿਬ ਵਲੋਂ ਕਿਲ੍ਹਾ ਛੱਡ ਕੇ ਜਾਣ ਦੇ ਬਣੇ ਚਿੱਤਰ ਸੰਗਤਾਂ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪਿ੍ਰੰਸੀਪਲ ਸੁਰਿੰਦਰ ਸਿੰਘ ਅਤੇ ਦਲਜੀਤ ਸਿੰਘ ਭਿੰਡਰ, ਸਾਬਕਾ ਹੈੱਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ, ਮੈਨੇਜਰ ਮਲਕੀਤ ਸਿੰਘ, ਐਡੀਸ਼ਨਲ ਮੈਨੇਜਰ ਹਰਦੇਵ ਸਿੰਘ, ‘ਆਪ’ ਦੇ ਹਲਕਾ ਇੰਚਾਰਜ ਹਰਜੋਤ ਸਿੰਘ ਬੈਂਸ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।