
ਚਮਕੌਰ ਸਾਹਿਬ ਵਿਖੇ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ
ਸ੍ਰੀ ਚਮਕੌਰ ਸਾਹਿਬ, 21 ਦਸੰਬਰ (ਲੱਖਾ): ਪੰਜਾਬ ਵਿਚ ਪਿਛਲੇ ਕਈ ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਹਨ, ਉਸ ਸਬੰਧ ਵਿਚ ਪੰਜਾਬ ਦੀ ਬੀਤੇ ਸਮੇਂ ਦੀ ਕੈਪਟਨ ਸਰਕਾਰ ਤੇ ਮੌਜੂਦਾ ਕਾਂਗਰਸ ਸਰਕਾਰ ਅਤੇ ਸੈਂਟਰ ਦੀ ਮੁਤੱਸਬੀ ਮੋਦੀ ਹਕੂਮਤ, ਅਦਾਲਤਾਂ, ਜੱਜਾਂ ਅਤੇ ਕਾਨੂੰਨ ਨੇ ਸਿੱਖ ਕੌਮ ਦੇ ਡੂੰਘੇ ਜ਼ਖ਼ਮਾਂ ਤੇ ਮੱਲਮ ਲਗਾਉਣ ਲਈ ਦੋਸ਼ੀਆਂ ਨੂੰ ਅੱਜ ਤਕ ਸਜ਼ਾ ਦਵਾ ਕੇ ਕਿਹੜੀ ਜ਼ਿੰਮੇਵਾਰੀ ਨਿਭਾਈ ਹੈ, ਇਹ ਸੱਭ ਲੋਕ ਜਾਣਦੇ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਚਮਕੌਰ ਸਾਹਿਬ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਅਪਣੀ ਸਟੇਜ ਤੋਂ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਹੁਣ ਤਕ ਬਹੁਤ ਕੁੱਝ ਬਰਦਾਸ਼ਤ ਕੀਤਾ ਹੈ ਪਰ ਹੁਣ ਸਿੱਖ ਕੌਮ ਦੇ ਮਨਾਂ ਵਿਚ ਉਠੇ ਰੋਹ ਨੂੰ ਇਹ ਹੁਕਮਰਾਨ ਕਤਈ ਸ਼ਾਂਤ ਨਹੀਂ ਕਰ ਸਕਣਗੇ, ਬਲਕਿ ਖ਼ੁਦ ਸਿੱਖ ਕੌਮ ਅਪਣੀਆਂ ਰਵਾਇਤਾਂ ਤੇ ਪਹਿਰਾ ਦਿੰਦੀ ਹੋਈ ਹੁਕਮਰਾਨਾਂ ਨੂੰ ਇਨਸਾਫ਼ ਨਾ ਦੇਣ ਲਈ ਚੁਨੌਤੀ ਦੇਵੇਗੀ।
ਉਨ੍ਹਾਂ ਤਿੱਖੇ ਸੁਰ ਵਿਚ ਕਿਹਾ ਕਿ ਭਾਰਤ ਦੀਆਂ ਪੰਥ ਵਿਰੋਧੀ ਮੁਤੱਸਬੀ ਜਮਾਤਾਂ ਬੀ.ਜੇ.ਪੀ-ਆਰ.ਐਸ.ਐਸ, ਕਾਂਗਰਸ ਉਨ੍ਹਾਂ ਦੇ ਭਾਈਵਾਲ ਚਲਦੇ ਆ ਰਹੇ ਬਾਦਲ ਦਲੀਏ ਅਤੇ ਇਨ੍ਹਾਂ ਮੁਤੱਸਬੀਆਂ ਦੀ ਟੀਮ ਨਕਲੀ ਨਕਾਬ ਪਾ ਕੇ ਪੰਜਾਬ ਵਿਚ ਉੱਤਰੀ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਘਸਿਆਰੇ ਬਣਾਉਣਾ ਚਾਹੁੰਦੀ ਹੈ ਅਤੇ ਸਿੱਖੀ ਵਿਰਸੇ ਨੂੰ ਤਹਿਸ-ਨਹਿਸ ਕਰਨ ਪੰਜਾਬ ਸੂਬੇ ਵਿਚ ਭਰਾ ਮਾਰੂ ਜੰਗ ਨੂੰ ਉਤਸ਼ਾਹਤ ਕਰਨ ਹਿਤ ਹੀ ਇਹ ਸੱਭ ਲੋਕ ਅੰਦਰੂਨੀ ਤੌਰ ਤੇ ਗੁੱਝੀ ਸਾਂਝ ਰੱਖ ਕੇ ਸਾਜ਼ਸ਼ ਰਖਦੇ ਆ ਰਹੇ ਹਨ।