
Sohana News: ਬਿਲਡਿੰਗ ਦੇ ਮਾਲਕ ਪਰਵਿੰਦਰ ਸਿੰਘ ਤੇ ਗਗਨਦੀਪ ਸਿੰਘ ਖਿਲਾਫ਼ ਪਰਚਾ ਦਰਜ
ਮੋਹਾਲੀ (ਸਤਵਿੰਦਰ ਸਿੰਘ ਧੜਾਕ) : ਪਿੰਡ ਸੋਹਾਣਾ ਵਿਚ ਬੀਤੀ ਸ਼ਾਮ ਨੂੰ ਇਕ ਤਿੰਨ ਮੰਜ਼ਲਾ ਇਮਾਰਤ ਢਹਿ-ਢੇਰੀ ਹੋ ਗਈ। ਹਾਦਸਾ ਇਨਾ ਭਿਆਨਕ ਸੀ ਕਿ ਨਾਲ ਲੱਗਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹਾਦਸੇ ਦਾ ਮੁੱਖ ਕਾਰਨ ਇਥੇ ਇਮਾਰਤ ਦੇ ਨਾਲ ਚੱਲ ਰਹੀ ਬੇਸਮੈਂਟ ਦੀ ਖ਼ੁਦਾਈ ਦੱਸੀ ਜਾ ਰਹੀ ਹੈ ਜਿਸ ਕਾਰਨ ਪੂਰੀ ਇਮਾਰਤ ਢਹਿ ਗਈ।
ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਇਮਾਰਤ ’ਚ 15 ਤੋਂ 20 ਲੋਕ ਮੌਜੂਦ ਸਨ ਜਿਨ੍ਹਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਖ਼ਬਰ ਲਿਖੇ ਜਾਣ ਤਕ ਜਿਥੇ ਦੋ ਲੜਕੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਉਥੇ ਹੀ ਇਕ ਲੜਕੀ ਜਿਸਦਾ ਨਾਂ ਦ੍ਰਿਸ਼ਟੀ ਦਸਿਆ ਜਾ ਰਿਹਾ ਹੈ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਮਾਰਤ ’ਚ ਇਕ ਜਿੰਮ, ਟਿਊਸ਼ਨ ਸੈਂਟਰ ਅਤੇ ਪੀਜੀ ਚੱਲ ਰਿਹਾ ਸੀ ਤੇ ਹਾਦਸੇ ਤੋਂ ਬਾਅਦ ਇਹ ਸਾਰਾ ਕੁੱਝ ਤਹਿਸ-ਨਹਿਸ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਫ਼ੌਜ, ਐਨਡੀਆਰਐਫ਼, ਫ਼ਾਇਰ ਵਿਭਾਗ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਚੁੱਕੀਆਂ ਸਨ ਅਤੇ ਰਾਹਤ ਅਤੇ ਬਚਾਅ ਕਾਰਜਾਂ ’ਚ ਲੱਗੀਆਂ ਹੋਈਆਂ ਸਨ। ਮਲਬਾ ਹਟਾਉਣ ਲਈ ਜੇਸੀਬੀ ਮਸ਼ੀਨਾਂ ਅਤੇ ਹੋਰ ਸਾਮਾਨ ਦੀ ਵਰਤੋਂ ਕੀਤੀ ਜਾ ਰਹੀ ਹੈ। ਬਿਲਡਿੰਗ ਮਾਲਕਾਂ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਦੇ ਖਿਲਾਫ ਥਾਣਾ ਸੋਹਾਣਾ ਵਿੱਚ ਬੀ.ਐਨ.ਐਸ ਦੀ ਧਾਰਾ 105 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪਹਿਲੀ ਮੰਜ਼ਿਲ ’ਤੇ ਬਣੇ ਟਿਊਸ਼ਨ ਸੈਂਟਰ ’ਚ ਬੱਚੇ ਪੜ੍ਹ ਰਹੇ ਸਨ, ਜਦਕਿ ਦੂਜੀ ਮੰਜ਼ਿਲ ’ਤੇ ਪੀ.ਜੀ. ’ਚ ਕੁਝ ਨੌਜਵਾਨ ਲੜਕੇ-ਲੜਕੀਆਂ ਮੌਜੂਦ ਸਨ।
ਦਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਦੇ ਅੱਗੇ ਬੇਸਮੈਂਟ ਦੀ ਖ਼ੁਦਾਈ ਦਾ ਕੰਮ ਚੱਲ ਰਿਹਾ ਸੀ। ਇਮਾਰਤ ਦੇ ਮਾਲਕ ਧਮਨ ਸਿੰਘ ਨੇ ਹਾਲ ਹੀ ਵਿਚ ਇਮਾਰਤ ਦੇ ਨੇੜੇ ਇਕ ਪਲਾਟ ਖ਼੍ਰੀਦਿਆ ਸੀ ਅਤੇ ਉੱਥੇ ਨਵੀਂ ਇਮਾਰਤ ਬਣਾਉਣ ਲਈ ਖ਼ੁਦਾਈ ਕਰਵਾਈ ਜਾ ਰਹੀ ਸੀ। ਮੰਨਿਆਂ ਜਾ ਰਿਹਾ ਹੈ ਕਿ ਇਸ ਦੌਰਾਨ ਤਿੰਨ ਮੰਜ਼ਿਲਾ ਇਮਾਰਤ ਦੀ ਨੀਂਹ ਕਮਜ਼ੋਰ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੁਰਤ ਹਰਕਤ ਵਿਚ ਆ ਗਿਆ। ਡੀਜੀਪੀ ਗੌਰਵ ਯਾਦਵ, ਡੀਸੀ ਆਸ਼ਿਕਾ ਜੈਨ, ਡੀਆਈਜੀ ਹਰਚਰਨ ਸਿੰਘ ਭੁੱਲਰ, ਐਸਐਸਪੀ ਦੀਪਕ ਪਾਰੀਕ ਅਤੇ ਵਿਧਾਇਕ ਕੁਲਵੰਤ ਸਿੰਘ ਨੇ ਸਥਿਤੀ ਦਾ ਜਾਇਜ਼ਾ ਲਿਆ।