
ਸਿਹਤ ਬਲਾਕ ਨੌਸ਼ਹਿਰਾ ਮੱਝਾ ਸਿੰਘ ਦੇ ਚਾਰ ਪਿੰਡਾਂ ਨੇ ਲਿੰਗ ਅਨੁਪਾਤ ਦਰ ਦੇ ਮਾਮਲੇ ਵਿਚ ਵੱਡੀ ਮਿਸਾਲ ਪੇਸ਼ ਕੀਤੀ ਹੈ......
ਨੌਸ਼ਹਿਰਾ ਮੱਝਾ ਸਿੰਘ : ਸਿਹਤ ਬਲਾਕ ਨੌਸ਼ਹਿਰਾ ਮੱਝਾ ਸਿੰਘ ਦੇ ਚਾਰ ਪਿੰਡਾਂ ਨੇ ਲਿੰਗ ਅਨੁਪਾਤ ਦਰ ਦੇ ਮਾਮਲੇ ਵਿਚ ਵੱਡੀ ਮਿਸਾਲ ਪੇਸ਼ ਕੀਤੀ ਹੈ। ਬਲਾਕ ਦੇ ਚਾਰ ਪਿੰਡਾਂ ਸੁਚਾਨੀਆ, ਸਹਾਰੀ, ਭੀਖੋਵਾਲੀ ਤੇ ਭੋਜਰਾਜ ਵਿਚ ਪਿਛਲੇ ਦੋ ਸਾਲਾਂ ਦੌਰਾਨ ਇਕ ਹਜ਼ਾਰ ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ 1,000 ਤੋਂ ਵੱਧ ਰਹੀ ਹੈ। ਕਮਿਊਨਿਟੀ ਸਿਹਤ ਕੇਂਦਰ ਨੌਸ਼ਹਿਰਾ ਮੱਝਾ ਸਿੰਘ ਦੇ ਐਸ ਐਮ ਓ ਡਾ. ਮਨਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਸੁਚਾਨੀਆ ਵਿਚ ਇਕ ਹਜ਼ਾਰ ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ 1070 ਰਹੀ ਹੈ ਜਦਕਿ ਪਿੰਡ ਸਹਾਰੀ ਵਿਚ ਕੁੜੀਆਂ ਦਾ ਇਹ ਅੰਕੜਾ 1057 ਹੈ।
ਇਸੇ ਤਰ੍ਹਾਂ ਪਿੰਡ ਭੀਖੋਵਾਲੀ ਵਿਖੇ ਇਕ ਹਜ਼ਾਰ ਮੁੰਡਿਆਂ ਦੇ ਮੁਕਾਬਲੇ ਪਿਛਲੇ ਦੋ ਸਾਲਾਂ ਦੌਰਾਨ 1554 ਕੁੜੀਆਂ ਨੇ ਜਨਮ ਲਿਆ। ਪਿੰਡ ਭੋਜਰਾਜ ਨੇ ਵੀ 1058 ਕੁੜੀਆਂ ਨਾਲ ਮਿਸਾਲ ਪੇਸ਼ ਕੀਤੀ ਹੈ। ਡਾ. ਮਨਿੰਦਰ ਸਿੰਘ ਨੇ ਦਸਿਆ ਕਿ ਦਾਣਾ ਮੰਡੀ ਗੁਰਦਾਸਪੁਰ ਵਿਖੇ ਲਿੰਗ ਅਨੁਪਾਤ ਦਰ ਵਿਚ ਸੁਧਾਰ ਲਈ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਸ਼ਾ ਵਰਕਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਐਸ ਐਮ ਓ ਨੇ ਦਸਿਆ ਕਿ ਸਮਾਜਕ ਚੇਤਨਾ ਪੈਦਾ ਹੋਣ ਨਾਲ ਪੂਰੇ ਸੂਬੇ ਵਿਚ ਲਿੰਗ ਅਨੁਪਾਤ ਵਿਚ ਸੁਧਾਰ ਆਇਆ ਹੈ।