
ਜੇਕਰ ਅੱਜ ਦੇ ਨੇਤਾ ਸੁਭਾਸ਼ ਚੰਦਰ ਬੋਸ ਜੀ ਦੱਸੇ ਮਾਰਗ ਦੇ ਚੱਲਣ ਤਾਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਲਗਾਏ ਧਰਨਿਆਂ ਦੀ ਲੋੜ ਤੱਕ ਮਹਿਸੂਸ ਨਹੀਂ ਹੋ ਸਕਦੀ।
ਸੁਲਤਾਨਵਿੰਡ - ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਅੱਜ ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀ ਅਤੇ ਆਜ਼ਾਦ ਹਿੰਦ ਫੌਜ਼ ਦੇ ਸੰਸਥਾਪਕ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮਦਿਨ (23 ਜਨਵਰੀ) ਨੂੰ ‘ਪ੍ਰਕਰਮ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਸੁਭਾਸ਼ ਚੰਦਰ ਬੋਸ ਜੀ ਦੀ 125ਵੀਂ ਜੈਯੰਤੀ ਨਿਊ ਅੰਮ੍ਰਿਤਸਰ ਸਥਿਤ ਗੋਲਡਨ ਗੇਟ ਵਿਖੇ ਮਨਾਈ ਗਈ।
125ਵੀਂ ਜੈਯੰਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਏਐਸ ਸਿੱਧੂ ਦੀ ਅਗਵਾਈ 'ਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਪ੍ਰਧਾਨ ਗੁਰਸਾਹਿਬ ਸਿੰਘ ਚਾਟੀਵਿੰਡ ਅਤੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਦੇ ਸਹਿਯੋਗ ਨਾਲ ਮਨਾਈ ਗਈ। ਇਸ ਮੌਕੇ ਅੱਜ ਕਿਸਾਨ ਜਥੇਬੰਦੀਆਂ ਦਾ ਵਿਸ਼ਾਲ ਇਕੱਠ ਟਰੈਕਟਰ ਟਰਾਲੀਆਂ ਸਮੇਤ 26 ਜਨਵਰੀ ਨੂੰ ਹੋਣ ਜਾ ਰਹੀ ਪਰੇਡ 'ਚ ਸ਼ਾਮਿਲ ਹੋਣ ਲਈ ਦਿੱਲੀ ਰਵਾਨਾ ਹੋਏ।
ਇਸ ਦੌਰਾਨ ਪ੍ਰੋਫੈਸਰ ਸਿੱਧੂ ਨੇ ਕਿਹਾ ਕਿ ਜੇਕਰ ਅੱਜ ਦੇ ਨੇਤਾ ਸੁਭਾਸ਼ ਚੰਦਰ ਬੋਸ ਜੀ ਦੱਸੇ ਮਾਰਗ ਦੇ ਚੱਲਣ ਤਾਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਲਗਾਏ ਧਰਨਿਆਂ ਦੀ ਲੋੜ ਤੱਕ ਮਹਿਸੂਸ ਨਹੀਂ ਹੋ ਸਕਦੀ। ਜਿਕਰਯੋਗ ਹੈ ਕਿ ਹੁਣ ਕਿਸਾਨਾਂ ਵਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕੀਤੀ ਜਾਵੇਗੀ। ਇਸ ਲਈ ਪੰਜਾਬ ਹੀ ਨਹੀਂ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚੋਂ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਪਹੁੰਚ ਰਹੇ ਹਨ। ਵੱਖ-ਵੱਖ ਥਾਵਾਂ ਤੋਂ ਟਰੈਕਟਰ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਨੇ ਟਰੈਕਟਰਾਂ 'ਤੇ ਕਿਸਾਨੀ ਝੰਡਿਆਂ ਦੇ ਨਾਲ-ਨਾਲ ਤਿਰੰਗੇ ਵੀ ਲਾਏ ਹੋਏ ਹਨ।