Advertisement
  ਖ਼ਬਰਾਂ   ਪੰਜਾਬ  23 Jan 2021  ਵਕੀਲਾਂ ਵਲੋਂ ਕਿਸਾਨਾਂ ਦੇ ਹੱਕ ’ਚ ਮੁਜ਼ਾਹਰਾ

ਵਕੀਲਾਂ ਵਲੋਂ ਕਿਸਾਨਾਂ ਦੇ ਹੱਕ ’ਚ ਮੁਜ਼ਾਹਰਾ

ਏਜੰਸੀ
Published Jan 23, 2021, 12:39 am IST
Updated Jan 23, 2021, 12:39 am IST
ਵਕੀਲਾਂ ਵਲੋਂ ਕਿਸਾਨਾਂ ਦੇ ਹੱਕ ’ਚ ਮੁਜ਼ਾਹਰਾ
image
 image

ਚੰਡੀਗੜ੍ਹ, 22 ਜਨਵਰੀ (ਸੁਰਜੀਤ ਸਿੰਘ ਸੱਤੀ) : ਕਿਸਾਨਾਂ ਵਲੋਂ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਵਿਖੇ ਕੀਤੇ ਜਾ ਰਹੇ ਸੰਘਰਸ਼ ਨੂੰ ਦਿਨੋਂ ਦਿਨ ਬਲ ਮਿਲਦਾ ਜਾ ਰਿਹਾ ਹੈ। ਖਾਸ ਕਰ ਕੇ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਪ੍ਰਤੀ ਲਾਮਬੰਦੀ ਆਪ ਮੁਹਾਰੇ ਹੀ ਹੋ ਰਹੀ ਹੈ। ਇਸੇ ਦਿਸ਼ਾ ਵਲ ਅੱਜ ਵਕੀਲਾਂ ਨੇ ਚੰਡੀਗੜ੍ਹ ਵਿਚ ਕਿਸਾਨਾਂ ਦੇ ਹੱਕ ਵਿਚ ਜੋਰਦਾਰ ਮੁਜ਼ਾਹਰਾ ਕੀਤਾ। ਸੈਂਕੜੇ ਦੀ ਗਿਣਤੀ ਵਿਚ ਵਕੀਲ ਸੈਕਟਰ-17 ਪਲਾਜ਼ਾ ਵਿਖੇ ਇਕੱਤਰ ਹੋਏ ਤੇ ਉਨ੍ਹਾਂ ਨੇ ਆਪੋ-ਅਪਣੇ ਵਿਚਾਰ ਪੇਸ਼ ਕੀਤੇ। ਖਾਸ ਕਰ ਕੇ ਜ਼ਿਲ੍ਹਾ ਅਦਾਲਤ ਤੋਂ ਐਡਵੋਕੇਟ ਅਮਰ ਸਿੰਘ ਚਹਿਲ ਤੇ ਜ਼ਿਲ੍ਹਾ ਅਦਾਲਤ ਬਾਰ ਐਸੋਸੀਏਸ਼ਨ ਪ੍ਰਧਾਨ ਭਾਗ ਸਿੰਘ ਸੁਹਾਗ਼ ਤੋਂ ਇਲਾਵਾ ਸਾਬਕਾ ਪ੍ਰਧਾਨ ਐਨ.ਕੇ ਨੰਦਾ ਨੇ ਕਿਹਾ ਕਿ ਇਹ ਖੇਤੀ ਕਾਨੂੰਨ ਸਿਰਫ਼ ਕਿਸਾਨਾਂ ਲਈ  ਹੀ ਨਹੀਂ ਸਗੋਂ ਸਮਾਜ ਦੀ ਹਰੇਕ ਸ਼੍ਰੇਣੀ ਨੂੰ ਪ੍ਰਭਾਵਤ ਕਰਨਗੇ। 
   ਹਾਈ ਕੋਰਟ ਤੋਂ ਆਰ.ਐਸ. ਬੈਂਸ, ਨਵਕਿਰਨ ਸਿੰਘ, ਲਵਨੀਤ ਠਾਕੁਰ ਆਦਿ ਨੇ ਹਿੱਸਾ ਲਿਆ ਤੇ ਕਿਹਾ ਇਹ ਖੇਤੀ ਕਾਨੂੰਨ ਕਿਸੇ ਵੀ ਤਰ੍ਹਾਂ ਨਾਲ ਕਿਸਾਨਾਂ ਦੇ ਹੱਕ ਵਿਚ ਨਹੀਂ ਹਨ ਤੇ ਸਰਕਾਰ ਪੂੰਜੀਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਕਿਸਾਨਾਂ ਨੂੰ ਦਬਾਉਣ ’ਤੇ ਲੱਗੀ ਹੋਈ ਹੈ ਤੇ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਵਕੀਲਾਂ ਨੇ ਆਮ ਲੋਕਾਂ ਨੂੰ ਕਿਸਾਨਾਂ ਵਲੋਂ 26 ਜਨਵਰੀ ਨੂੰ ਦਿੱਲੀ ਵਿਚ ਕੀਤੀ ਜਾ ਰਹੀ ਪਰੇਡ ’ਚ ਆਪੋ-ਅਪਣੇ ਪੱਧਰ ’ਤੇ ਯੋਗਦਾਨ ਪਾਉਣ ਦਾ ਹੋਕਾ ਦਿਤਾ । 
   ਅੱਜ ਦੇ ਮੁਜ਼ਾਹਰੇ ਤੋਂ ਪਹਿਲਾਂ ਵਕੀਲਾਂ ਨੇ ਸੈਕਟਰ-43 ਜ਼ਿਲ੍ਹਾ ਅਦਾਲਤ ਤੋਂ ਲੈ ਕੇ ਸੈਕਟਰ-17 ਤਕ ਰੋਸ ਮਾਰਚ ਵੀ ਕਢਿਆ। ਵਕੀਲ ਸੈਕਟਰ-43 ਵਿਖੇ ਇਕੱਠੇ ਹੋਏ ਤੇ ਅਪਣੇ ਵਾਹਨਾਂ ’ਚ ਸਵਾਰ ਹੋ ਕੇ ਕਾਫ਼ਲੇ ਦੇ ਰੂਪ ਵਿਚ ਸੈਕਟਰ-17 ਪੁੱਜੇ। ਇਥੇ ਲਗਭਗ ਤਿੰਨ ਘੰਟੇ ਤਕ ਮੁਜ਼ਾਹਰਾ ਕੀਤਾ । ਵਕੀਲਾਂ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਡੱਟ ਕੇ ਖੜ੍ਹੇ ਹਨ ਤੇ ਹਰ ਪੱਧਰ ’ਤੇ ਕਿਸਾਨਾਂ ਦਾ ਸਾਥ ਦੇਣਗੇ।

ਫੋਟੋ-ਸੰਤੋਖ ਸਿੰਘ ਦੇਣਗੇ
 

Advertisement