
ਏ. ਵੇਨੂੰ ਪ੍ਰਸਾਦ ਵਲੋਂ 400 ਕੇ.ਵੀ. ਸਬ ਸਟੇਸ਼ਨ ਰਾਜਪੁਰਾ ਦਾ ਦੌਰਾ
ਪਟਿਆਲਾ, 22 ਜਨਵਰੀ (ਪ.ਪ.) : ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਸ੍ਰੀ ਏ. ਵੈਨੂੰ ਪ੍ਰਸਾਦ ਵਲੋਂ ਕਲ 400 ਕੇ. ਵੀ. ਸਬ ਸਟੇਸ਼ਨ ਰਾਜਪੁਰਾ ਦਾ ਦੌਰਾ ਕੀਤਾ ਗਿਆ | ਇਸ ਮੌਕੇ ਇੰਜ. ਯੋਗੇਸ਼ ਟੰਡਨ ਡਾਇਰੈਕਟਰ ਟੈਕਨੀਕਲ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ, ਇੰਜ. ਰਾਜੀਵ ਕੁਮਾਰ ਗੁਪਤਾ ਮੁੱਖ ਇੰਜਨੀਅਰ ਟਰਾਂਸਮਿਸ਼ਨ ਸਿਸਟਮ ਅਤੇ ਹੋਰ ਸੀਨੀਅਰ ਅਫ਼ਸਰ ਨਾਲ 400 ਕੇ.ਵੀ. ਗਰਿੱਡ ਰਾਜਪੁਰਾ ਵਿਖੇ ਨਵੇਂ ਲਗ ਰਹੇ 500 ਐਮ.ਵੀ.ਏ .ਆਈ.ਸੀ.ਟੀ. ਦੇ ਕੰਮਾਂ ਸਬੰਧੀ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਵੱਖ-ਵੱਖ ਚਲ ਰਹੇ ਪ੍ਰਾਜੈਕਟਸ ਅਤੇ ਭਵਿੱਖ ਵਿਚ ਆਉਣ ਵਾਲੇ ਪ੍ਰਾਜੈਕਟਸ ਸਬੰਧੀ ਰਿਵਿਊ ਕੀਤਾ ਗਿਆ |
ਇਹ ਦਸਿਆ ਜਾਂਦਾ ਹੈ ਕਿ 500 ਐਮ.ਵੀ.ਏ. ਟ੍ਰਾਂਸਫ਼ਾਰਮਰ ਲੱਗਣ ਨਾਲ ਪੰਜਾਬ ਦੀ ਬਾਹਰੋਂ ਬਿਜਲੀ ਇੰਪੋਰਟ ਕਰਨ ਦੀ ਸਮਰਥਾ ਵਧ ਜਾਵੇਗੀ, ਜਿਸ ਨਾਲ ਅਗਲੇ ਪੈਡੀ ਸੀਜ਼ਨ ਵਿਚ ਨਿਰਵਿਘਨ ਬਿਜਲੀ ਸਪਲਾਈ ਦੇਣ ਵਿਚ ਮਦਦ ਮਿਲੇਗੀ |
400 ਕੇ.ਵੀ. ਨਵੇਂ ਬਣ ਰਹੇ ਗਰਿੱਡ ਧਨਾਸੂ ਅਤੇ ਰੋਪੜ ਦੇ ਚਲ ਰਹੇ ਕੰਮਕਾਜ ਨੂੰ ਸਮੇਂ ਸਿਰ ਪੂਰਾ ਕਰਨ ਸਬੰਧੀ ਕੰਟਰੈਕਟਰ ਫ਼ਰਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ |
ਇਸ ਮੌਕੇ 400 ਕੇ.ਵੀ. ਗਰਿੱਡ ਰਾਜਪੁਰਾ ਤੋਂ ਭਲਵਾਨ (ਧੂਰੀ) ਗਰਿੱਡ ਦਾ ਰਿਮੋਟ ਸੰਚਾਲਨ ਅਤੇ ਰਾਜਪੁਰਾ ਗਰਿੱਡ ਦੇ 220 ਕੇ.ਵੀ. ਯਾਰਡ ਵਿਚ ਹੋਟ ਲਾਈਨ ਗੈਂਗ ਦੇ ਆਨਲਾਈਨ ਦੇ ਰਖ-ਰਖਾਅ ਦੇ ਕੰਮ ਦਾ ਵੀ ਨਿਰੀਖਣ ਕੀਤਾ ਗਿਆ |