
ਹੁਣ ਬਟਨ ਦਬਾਉਂਦਿਆਂ ਹੀ ਪਤਾ ਲੱਗ ਜਾਵੇਗਾ ਚੋਣ ਲੜ ਰਹੇ ਉਮੀਦਵਾਰ ਦਾ ਪਿਛੋਕੜ ਅਤੇ ਅਪਰਾਧਕ ਰੀਕਾਰਡ : ਮੁੱਖ ਚੋਣ ਅਧਿਕਾਰੀ
ਅਪਰਾਧਕ ਰੀਕਾਰਡ :ਮੁੱਖ ਚੋਣ ਅਧਿਕਾਰੀ
ਚੰਡੀਗੜ੍ਹ, 22 ਜਨਵਰੀ (ਭੁੱਲਰ): ਰਾਜਨੀਤਕ ਪਾਰਟੀਆਂ ਲਈ, ਅਪਰਾਧਕ ਪਿਛੋਕੜ ਵਾਲੇ ਉਮੀਦਵਾਰ ਨੂੰ ਚੋਣ ਲੜਨ ਲਈ ਚੁਣੇ ਜਾਣ ਸਬੰਧੀ ਵਾਜਬ ਸਪੱਸ਼ਟੀਕਰਨ ਪ੍ਰਕਾਸ਼ਤ ਕਰਨ ਨੂੰ ਲਾਜ਼ਮੀ ਬਣਾਉਣ ਤੋਂ ਬਾਅਦ, ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਵੋਟਰਾਂ ਲਈ ਕਿਸੇ ਵੀ ਉਮੀਦਵਾਰ ਦੇ ਵੇਰਵੇ ਅਤੇ ਅਪਰਾਧਕ ਪਿਛੋਕੜ ਬਾਰੇ ਜਾਣਨ ਲਈ ਇਕ ਮੋਬਾਈਲ ਐਪਲੀਕੇਸ਼ਨ 'ਨੋਅ ਯੂਅਰ ਕੈਂਡੀਡੇਟ' ਲਾਂਚ ਕੀਤੀ ਹੈ | ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਸਨਿਚਰਵਾਰ ਨੂੰ ਦਿਤੀ |
ਸੂਬੇ ਦੇ ਵੋਟਰਾਂ ਨੂੰ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਦੀ ਅਪੀਲ ਕਰਦਿਆਂ ਡਾ. ਰਾਜੂ ਨੇ ਕਿਹਾ ਕਿ ਇਹ ਐਪ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਕ ਪਿਛੋਕੜਾਂ ਬਾਰੇ ਵਿਆਪਕ ਪ੍ਰਚਾਰ ਅਤੇ ਵੱਧ ਤੋਂ ਵੱਧ ਜਾਗਰੂਕਤਾ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ ਤਾਂ ਜੋ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ | ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਲਿੰਕ ਕਮਿਸ਼ਨ ਦੀ ਵੈੱਬਸਾਈਟ 'ਤੇ ਵੀ ਉਪਲਬਧ ਹੈ |
ਰਿਟਰਨਿੰਗ ਅਫ਼ਸਰਾਂ ਨੂੰ ਐਪ 'ਤੇ ਕੇਵਲ ਸਹੀ ਦਸਤਾਵੇਜ਼ ਅਪਲੋਡ ਕਰਨ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਉਮੀਦਵਾਰ ਅਪਰਾਧਕ ਪਿਛੋਕੜ ਨੂੰ ਦਰਸਾਉਣ ਲਈ 'ਹਾਂ' ਜਾਂ 'ਨਹੀਂ' ਵਾਲਾ ਚੈੱਕ ਬਾਕਸ ਟਿੱਕ ਕੀਤਾ ਜਾਵੇ ਅਤੇ ਉਮੀਦਵਾਰ ਵਲੋਂ ਆਫ਼ਲਾਈਨ ਨਾਮਜ਼ਦਗੀ ਸਮੇਂ ਜਮ੍ਹਾ ਕਰਵਾਏ ਗਏ ਸਕੈਨਡ ਦਸਤਾਵੇਜ਼ ਹੀ ਅਪਲੋਡ ਕੀਤੇ ਜਾਣ | ਅਪਰਾਧਕ ਪਿਛੋਕੜ ਸਬੰਧੀ ਵੇਰਵੇ ਕੇ.ਵਾਈ.ਸੀ ('ਜਾਣੋ ਅਪਣੇ ਉਮੀਦਵਾਰ ਨੂੰ ') ਐਪ ਰਾਹੀਂ ਜਨਤਕ ਕੀਤੇ ਵੇਰਵਿਆਂ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ | ਰਿਟਰਨਿੰਗ ਅਫ਼ਸਰ
ਵਲੋਂ ਵੇਰਵਿਆਂ ਨੂੰ ਦੁਬਾਰਾ ਤਸਦੀਕ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਮੀਦਵਾਰ ਦੁਆਰਾ ਜਮ੍ਹਾ ਕੀਤੇ ਗਏ ਵੇਰਵਿਆਂ ਦੇ ਅਨੁਸਾਰ ਹੀ ਚੈੱਕ ਬਾਕਸ ਨੂੰ ''ਹਾਂ'' ਜਾਂ ''ਨਹੀਂ'' ਵਜੋਂ ਉਚਿਤ ਢੰਗ ਨਾਲ ਚਿੰਨ੍ਹਤ ਕੀਤਾ ਗਿਆ ਹੋਵੇ |
ਵੱਖ-ਵੱਖ ਮੋਬਾਈਲ ਵੋਟਰ ਫ਼੍ਰੈਂਡਲੀ ਐਪਸ ਸ਼ੁਰੂ ਕਰਨ ਜਿਹੀਆਂ ਭਾਰਤੀ ਚੋਣ ਕਮਿਸ਼ਨ ਦੀਆਂ ਕੱੁਝ ਹੋਰ ਨਵੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਈ.ਸੀ.ਆਈ. ਵਲੋਂ ਇਕ ਹੋਰ ਐਪਲੀਕੇਸ਼ਨ 'ਸੁਵਿਧਾ ਐਪ' ਵੀ ਲਾਂਚ ਕੀਤੀ ਗਈ ਹੈ, ਜੋ ਕਿ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੋਵਾਂ ਲਈ ਮੀਟਿੰਗਾਂ, ਰੈਲੀਆਂ ਆਦਿ ਕਰਵਾਉਣ ਤੋਂ ਪਹਿਲਾਂ ਪ੍ਰਵਾਨਗੀ ਲੈਣ ਲਈ ਅਰਜ਼ੀ ਦੇਣ ਸਬੰਧੀ ਇੱਕ ਸਿੰਗਲ ਵਿੰਡੋ ਸਿਸਟਮ ਪ੍ਰਦਾਨ ਕਰਦੀ ਹੈ | ਇਹ ਐਂਡਰੋਇਡ ਐਪ ਰਾਹੀਂ ਵੀ ਕੀਤਾ ਜਾ ਸਕਦਾ ਹੈ |
ਇਕ ਹੋਰ ਮਹੱਤਵਪੂਰਨ ਐਪ 'ਸੀਵਿਜਿਲ' ਹੈ ਜੋ ਆਦਰਸ਼ ਚੋਣ ਜ਼ਾਬਤੇ/ਖ਼ਰਚ ਦੀ ਉਲੰਘਣਾ ਦਾ ਅਸਲ ਸਮਾਂ, ਸਬੂਤ-ਆਧਾਰਤ ਵੇਰਵੇ ਅਤੇ ਸਬੰਧਤ ਸਥਾਨ ਦੇ ਡੇਟਾ ਸਮੇਤ ਲਾਈਵ ਫ਼ੋਟੋ/ਵੀਡੀਉ ਪ੍ਰਦਾਨ ਕਰਦੀ ਹੈ | ਕੋਈ ਵੀ ਨਾਗਰਿਕ ਮੋਬਾਈਲ ਐਪ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ | ਫ਼ਲਾਇੰਗ ਸਕੁਐਡ ਫਿਰ ਮਾਮਲੇ ਦੀ ਜਾਂਚ ਕਰਦੇ ਹਨ ਅਤੇ ਰਿਟਰਨਿੰਗ ਅਫ਼ਸਰ 100 ਮਿੰਟ ਦੇ ਅੰਦਰ ਫ਼ੈਸਲਾ ਲੈਂਦਾ ਹੈ |
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ 'ਵੋਟਰ ਹੈਲਪਲਾਈਨ' ਨਾਂ ਦੀ ਇਕ ਹੋਰ ਨਵੀਂ ਐਂਡਰਾਇਡ ਆਧਾਰਤ ਮੋਬਾਈਲ ਐਪ ਵੀ ਲਾਂਚ ਕੀਤੀ ਗਈ ਹੈ, ਇਹ ਐਪ ਸਾਰੇ ਨਾਗਰਿਕਾਂ ਨੂੰ ਵੋਟਰ ਸੂਚੀ ਵਿਚ ਅਪਣੇ ਨਾਮ ਲੱਭਣ, ਆਨਲਾਈਨ ਫ਼ਾਰਮ ਜਮ੍ਹਾਂ ਕਰਾਉਣ, ਅਰਜ਼ੀ ਦੀ ਸਥਿਤੀ ਦਾ ਪਤਾ ਲਗਾਉਣ, ਸ਼ਿਕਾਇਤਾਂ ਦਾਇਰ ਕਰਨ ਅਤੇ ਦਰਜ ਕਰਵਾਈਆਂ ਸ਼ਿਕਾ ਇਤਾਂ ਦੇ ਜਵਾਬ ਮੋਬਾਈਲ ਐਪ 'ਤੇ ਪ੍ਰਾਪਤ ਕਰਨ ਦੇ ਨਾਲ-ਨਾਲ ਬੂਥ ਲੈਵਲ ਅਫ਼ਸਰਾਂ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਜ਼ਿਲ੍ਹਾ ਚੋਣ ਅਫ਼ਸਰਾਂ ਦੇ ਸੰਪਰਕ ਵੇਰਵਿਆਂ ਨੂੰ ਜਾਣਨ ਦੀ ਸਹੂਲਤ ਪ੍ਰਦਾਨ ਕਰਦੀ ਹੈ |
ਡਾ. ਰਾਜੂ ਨੇ ਇਹ ਵੀ ਦਸਿਆ ਕਿ ਦਿਵਿਆਂਗ ਵਿਅਕਤੀਆਂ (ਪੀ.ਡਬਲਿਊ.ਡੀ.) ਨੂੰ ਨਵੀਂ ਰਜਿਸਟ੍ਰੇਸ਼ਨ, ਪਤੇ ਵਿਚ ਤਬਦੀਲੀ, ਵੇਰਵਿਆਂ ਵਿਚ ਤਬਦੀਲੀ ਅਤੇ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਦੁਆਰਾ ਖ਼ੁਦ ਨੂੰ ਪੀ.ਡਬਲਿਊ.ਡੀ. ਵਜੋਂ ਦਰਸਾਉਣ ਲਈ ਬੇਨਤੀ ਕਰਨ ਦੇ ਯੋਗ ਬਣਾਉਣ ਲਈ 'ਪੀ.ਡਬਲਿਊ.ਡੀ .ਐਪ' ਵੀ ਲਾਂਚ ਕੀਤੀ ਗਈ ਹੈ | ਸਿਰਫ਼ ਅਪਣੇ ਸੰਪਰਕ ਵੇਰਵਿਆਂ ਨੂੰ ਦਰਜ ਕਰ ਕੇ, ਬੂਥ ਲੈਵਲ ਅਫ਼ਸਰ ਨੂੰ ਘਰ-ਘਰ ਜਾਣ ਦੀ ਸਹੂਲਤ ਉਪਲਬਧ ਹੋ ਜਾਂਦੀ ਹੈ | ਦਿਵਿਆਂਗ ਵਿਅਕਤੀ ਪੋਲਿੰਗ ਦੌਰਾਨ ਵ੍ਹੀਲ ਚੇਅਰ ਲਈ ਵੀ ਬੇਨਤੀ ਕਰ ਸਕਦੇ ਹਨ |