
ਯੂਕ੍ਰੇਨ ਸੰਕਟ ਦਰਮਿਆਨ ਅਮਰੀਕਾ ਤੇ ਰੂਸ ਦੇ ਵਿਦੇਸ਼
ਜੇਨੇਵਾ, 22 ਜਨਵਰੀ : ਅਮਰੀਕਾ ਅਤੇ ਰੂਸ ਨੇ ਯੂਕ੍ਰੇਨ ਨੂੰ ਲੈ ਕੇ ਜਾਰੀ ਸੰਕਟ ਦਰਮਿਆਨ ਸ਼ੁੱਕਰਵਾਰ ਨੂੰ ਮਹੱਤਵਪੂਰਨ ਗੱਲਬਾਤ ’ਤੇ ਤਣਾਅ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਦੋਹਾਂ ਦੇਸ਼ਾਂ ਦੇ ਆਗੂਆਂ ਨੇ ਕਿਹਾ ਕਿ ਅਜੇ ਤਕ ਗੱਲਬਾਤ ਰਾਹੀਂ ਕੋਈ ਹੱਲ ਨਹੀਂ ਨਿਕਲਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਯੂਕ੍ਰੇਨ ’ਤੇ ਰੂਸ ਦੇ ਸੰਭਾਵਿਤ ਹਮਲੇ ਦੇ ਖ਼ਦਸ਼ੇ ਨੂੰ ਟਾਲਣ ਦੇ ਮਕਸੱਦ ਨਾਲ ਜੇਨੇਵਾ ’ਚ ਇਹ ਗੱਲਬਾਤ ਕੀਤੀ। ਅਮਰੀਕਾ ਨੇ ਇਸ ਗੱਲਬਾਤ ਨੂੰ ਮਹੱਤਵਪੂਰਨ ਪਲ ਦਸਿਆ ਹੈ।
ਯੂਕ੍ਰੇਨ ਦੀ ਸਰਹੱਦ ਨੇੜੇ ਕਰੀਬ ਇਕ ਲੱਖ ਰੂਸੀ ਫ਼ੌਜੀਆਂ ਦੇ ਜਮਾਵੜੇ ਤੋਂ ਖ਼ਦਸ਼ਾ ਹੈ ਕਿ ਰੂਸ ਹਮਲੇ ਦੀ ਤਿਆਰੀ ਕਰ ਰਿਹਾ ਹੈ ਪਰ ਉਸ ਨੇ ਇਸ ਤੋਂ ਇਨਕਾਰ ਕੀਤਾ ਹੈ। ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ ਕਿਸੇ ਵੀ ਸੰਭਾਵਿਤ ਹਾਲਾਤ ਨਾਲ ਨਜਿੱਠਣ ਲਈ ਤਾਲਮੇਲ ਵਾਲੀ ਕਾਰਵਾਈ ਜਾਂ ਸਖ਼ਤ ਜਵਾਬ ਦੇ ਪ੍ਰਤੀ ਰੂਸ ਨੂੰ ਚਿਤਾਵਨੀ ਦੇ ਰਹੇ ਹਨ। ਬਲਿੰਕਨ ਨੇ ਗੱਲਬਾਤ ਤੋਂ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਅੱਜ ਕੋਈ ਵੱਡੀ ਸਫ਼ਲਤਾ ਮਿਲਣ ਦੀ ਉਮੀਦ ਨਹੀਂ ਸੀ ਪਰ ਮੇਰਾ ਮੰਨਣਾ ਹੈ ਕਿ ਹੁਣ ਅਸੀਂ ਇਕ ਦੂਜੇ ਦੀ ਸਥਿਤੀ ਨੂੰ ਸਮਝਣ ਲਈ ਇਕ ਸਪੱਸ਼ਟ ਰਸਤੇ ’ਤੇ ਹਾਂ। ਏਜੰਸੀ)
ਬਲਿੰਕਨ ਨੇ ਕਿਹਾ ਕਿ ਲਾਵਰੋਵ ਨੇ ਰੂਸ ਦੇ ਰੁਖ਼ ਨੂੰ ਦੁਹਰਾਇਆ ਕਿ ਯੂਕ੍ਰੇਨ ’ਤੇ ਹਮਲਾ ਕਰਨ ਦੀ ਕੋਈ ਯੋਜਨਾ ਨਹੀਂ ਹੈ ਪਰ ਨਾਲ ਹੀ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਇਸ ਗੱਲ ’ਤੇ ਯਕੀਨ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਉਹ ਦੇਖ ਰਹੇ ਹਾਂ ਕਿ ਜੋ ਸਾਰਿਆਂ ਨੂੰ ਦਿਖ ਰਿਹਾ ਹੈ। (ਏਜੰਸੀ)