
ਨੌਵੇਂ ਤੇ ਦਸਵੇਂ ਗੁਰੂ ਹਿੰਦੂ ਬਲੱਡ ਸਨ, ਹਿੰਦੂ-ਸਿੱਖ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ : ਸ਼ਾਂਡਲਿਆ
ਚੰਡੀਗੜ੍ਹ (ਨਵਜੋਤ ਸਿੰਘ ਧਾਲੀਵਾਲ): ਅਯੁੱਧਿਆ ’ਚ ਨਵੇਂ ਬਣੇ ਰਾਮ ਮੰਦਰ ’ਚ 22 ਜਨਵਰੀ ਨੂੰ ਹੋਏ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਤੋਂ ਬਾਅਦ ਕੁੱਝ ਉੱਘੀਆਂ ਸ਼ਖ਼ਸੀਅਤਾਂ ਦੇ ਅਜਿਹੇ ਬਿਆਨ ਆ ਰਹੇ ਹਨ ਜਿਸ ਤੋਂ ਨਵਾਂ ਵਿਵਾਦ ਛਿੜ ਗਿਆ ਹੈ ਕਿ ਦੇਸ਼ ਨੂੰ ਕਿਸ ਪਾਸੇ ਵਲ ਮੋੜਿਆ ਜਾ ਰਿਹਾ ਹੈ। ਸਮਾਰੋਹ ’ਚ ਮੌਜੂਦ ਲਗਭਗ 7 ਹਜ਼ਾਰ ਲੋਕਾਂ ’ਚੋਂ ਇਕ ਧੀਰੇਂਦਰ ਸ਼ਾਸਤਰੀ ਨੇ ਬਿਆਨ ਦਿਤਾ ਸੀ ਕਿ ‘ਅੱਜ ਧਰਮ ਵਿਰੋਧੀਆਂ ਦੀ ਹਾਰ ਹੋਈ ਹੈ ਅਤੇ ਰਾਮ ਰਾਜ ਦੀ ਸਥਾਪਨਾ ਹੋ ਗਈ ਹੈ।’
ਇਸ ਮੁੱਦੇ ’ਤੇ ਸਪੋਕਸਮੈਨ ਟੀ.ਵੀ. ਨਾਲ ਗੱਲਬਾਤ ਕਰਦਿਆਂ ਅੰਤਰਰਾਸ਼ਟਰੀ ਵਿਸ਼ਵ ਹਿੰਦੂ ਤਖ਼ਤ ਮੁਖੀ ਵੀਰੇਸ਼ ਸ਼ਾਂਡਿਲਿਆ ਨੇ ਉਨ੍ਹਾਂ ਦੇ ਬਿਆਨ ’ਤੇ ਵਿਵਾਦ ਦਾ ਕੋਈ ਕਾਰਨ ਨਹੀਂ ਦਸਿਆ ਅਤੇ ਕਿਹਾ, ‘‘ਰਾਮ ਰਾਜ ਤਾਂ ਅਜਿਹਾ ਸੰਦੇਸ਼ ਹੈ ਜਿੱਥੇ ਪਿਆਰ ਹੋਵੇ, ਜਿੱਥੇ ਨਫ਼ਰਤਾਂ ਨਾ ਹੋਣ, ਜਿੱਥੇ ਧੋਖੇ ਨਾ ਹੋਣ। ਅਜਿਹਾ ਮੁਲਕ ਤਾਂ ਹਰ ਕੋਈ ਚਾਹੁੰਦਾ ਹੈ। ਇਸ ਲਈ ਧੀਰੇਂਦਰ ਸ਼ਾਸਤਰੀ ਦੇ ਬਿਆਨ ’ਤੇ ਕਿਸੇ ਨੂੰ ਤਕਲੀਫ਼ ਨਹੀਂ ਹੋਣੀ ਚਾਹੀਦੀ।’’ ਉਨ੍ਹਾਂ ਇਹ ਵੀ ਕਿਹਾ ਕਿ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ‘ਹਿੰਦੂ ਬਲੱਡ’ ਸਨ। ਉਨ੍ਹਾਂ ਕਿਹਾ, ‘‘5 ਪਿਆਰੇ ਵੀ ਹਿੰਦੂ ਸਨ, ਹਿੰਦੂ-ਸਿੱਖ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ।’’
ਜਦਕਿ ਦਰਬਾਰ ਏ ਖ਼ਾਲਸਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਨੇ ਇਹ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ, ‘‘ਭਾਰਤ ਵੱਖੋ-ਵੱਖ ਧਰਮਾਂ ਦੇ ਲੋਕਾਂ ਦਾ ਦੇਸ਼ ਹੈ ਅਤੇ ਵੱਖੋ-ਵੱਖ ਤਰ੍ਹਾਂ ਦੇ ਲੋਕ ਇਥੇ ਵਸ ਰਹੇ ਹਨ। ਹਿੰਦੂਆਂ ਨੂੰ ਨਵੇਂ ਮੰਦਰ ਦੇ ਉਦਘਾਟਨ ਦੀਆਂ ਵਧਾਈਆਂ ਪਰ ਅੱਜ ਜੋ ਕਿਹਾ ਜਾ ਰਿਹਾ ਹੈ ਕਿ ਰਾਮ ਰਾਜ ਦੀ ਸ਼ੁਰੂਆਤ ਹੋਈ ਹੈ ਉਹ ਤਾਂ ਹਿੰਦੂ ਰਾਸ਼ਟਰ ਦੀ ਥਾਂ ’ਤੇ ਰਾਮ ਰਾਜ ਦਾ ਸ਼ਬਦ ਵਰਤ ਲਿਆ ਗਿਆ ਹੈ ਇਹ ਠੀਕ ਗੱਲ ਨਹੀਂ ਹੈ। ਸਿੱਖਾਂ ਦੀ ਵਖਰੀ ਪਛਾਣ ਹੈ।’’ ਉਨ੍ਹਾਂ ਕਿਹਾ, ‘‘ਜਦੋਂ ਕੁੱਝ ਸਿੱਖ ਨੌਜੁਆਨ ਖਾਲਸ ਰਾਜ ਦੀ ਸ਼ਾਂਤੀ ਨਾਲ ਗੱਲ ਕਰਦੇ ਹਨ ਤਾਂ ਇਸ ਦੇ ਬਾਵਜੂਦ ਸਿੱਖਾਂ ਨੂੰ ਕਦੇ ਐਨ.ਐਸ.ਏ. ਲਗਾ ਕੇ ਅਤੇ ਕਦੇ ਯੂ.ਏ.ਪੀ.ਏ. ਲਗਾ ਕੇ ਡਿਬਰੂਗੜ੍ਹ ਵਰਗੀਆਂ ਜੇਲਾਂ ’ਚ ਬੰਦ ਕਰ ਦਿਤਾ ਜਾਂਦਾ ਹੈ ਤਾਂ ਸਾਨੂੰ ਇਤਰਾਜ਼ ਹੁੰਦਾ ਹੈ ਕਿ ਕਾਨੂੰਨ ਦੋ ਤਰੀਕੇ ਨਾਲ ਕੰਮ ਕਰ ਰਿਹਾ ਹੈ ਜਿੱਥੇ ਬਹੁਗਿਣਤੀਆਂ ਨਾਲ ਸਬੰਧਤ ਵਿਅਕਤੀ ਜੋ ਮਰਜ਼ੀ ਬੋਲ ਸਕਦਾ ਹੈ ਪਰ ਜੇਕਰ ਕੋਈ ਦੂਜੀ ਕੌਮ ਦਾ ਵਿਅਕਤੀ ਕੁਝ ਇਸੇ ਤਰ੍ਹਾਂ ਦਾ ਬੋਲਦਾ ਹੈ ਤਾਂ ਉਸ ਵਿਰੁਧ ਏਨੀ ਸਖ਼ਤ ਕਾਰਵਾਈ ਹੁੰਦੀ ਹੈ ਕਿ ਉਨ੍ਹਾਂ ਨੂੰ ਜੇਲ ਤੋਂ ਬਾਹਰ ਨਹੀਂ ਆਉਣ ਦਿਤਾ ਜਾਂਦਾ।’’
ਜਦਕਿ ਭਾਰਤੀ ਯੂਨੀਅਨ ਮੁਸਲਿਮ ਲੀਗ (ਆਈ.ਯੂ.ਐਮ.ਐਲ.) ਪੰਜਾਬ ਦੇ ਸੂਬਾ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਨੇ ‘ਰਾਮ ਰਾਜ’ ਬਾਰੇ ਬਿਆਨਾਂ ਦਾ ਵਿਰੋਧ ਕਰਦਿਆਂ ਕਿਹਾ, ‘‘ਪਹਿਲਾਂ ਇਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੁੰਦੇ ਸਨ ਹੁਣ ਰਾਮ ਰਾਜ ਦੀ ਗੱਲ ਸ਼ੁਰੂ ਕਰ ਦਿਤੀ ਹੈ। ਇਹ ਕੁੱਝ ਕੁ ਲੋਕ ਹਨ ਜੋ ਇਸ ਮੁੱਦੇ ’ਤੇ ਸਿਆਸਤ ਕਰਨਾ ਚਾਹੁੰਦੇ ਹਨ। ਆਮ ਜਨਤਾ ਨਹੀਂ ਚਾਹੁੰਦੀ ਕਿ ਹਿੰਦੁਸਤਾਨ ਵੰਡਿਆ ਜਾਵੇ। ਜੇਕਰ ਰਾਮ ਰਾਜ ਦੇ ਅਰਥਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਤਕ ਵੀ ਦੇਸ਼ ਅੰਦਰ ਅੱਜ ਵੀ ਭਿਖਾਰੀ ਸੜਕਾਂ ’ਤੇ ਫਿਰ ਰਹੇ ਹਨ ਲੋਕ ਝੋਪੜੀਆਂ ਅੰਦਰ ਰਹਿ ਰਹੇ ਹਨ। ਮਹਿੰਗਾਈ ਵਧਦੀ ਜਾ ਰਹੀ ਹੈ, ਬੇਰੁਜ਼ਗਾਰੀ ਵਧ ਰਹੀ ਹੈ। ਮੌਜੂਦਾ ਸਰਕਾਰ ਹੇਠ 2014 ਤੋਂ ਲੈ ਕੇ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ ਦਿਸ ਰਹੀ ਹੈ। ਇਨ੍ਹਾਂ ਮੁੱਦਿਆਂ ਦੀ ਬਜਾਏ ਮੁਸਲਮਾਨਾਂ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਹਿੰਦੂ ਮੁੱਦੇ ’ਤੇ ਸਿਆਸਤ ਏਨੀ ਤੇਜ਼ ਹੋ ਚੁੱਕੀ ਹੈ ਕਿ 22 ਜਨਵਰੀ ਨੂੰ ਮੁੰਬਈ ’ਚ ਵਸਦੇ ਮੁਸਲਮਾਨਾਂ ਦੇ ਇਲਾਕੇ ’ਚ ਯਾਤਰਾ ਕੱਢ ਕੇ ਉਨ੍ਹਾਂ ’ਤੇ ਹਮਲਾ ਕੀਤਾ ਗਿਆ, ਕੀ ਇਹੀ ਰਾਮ ਰਾਜ ਹੈ?’’