
ਮੱੁਖ ਮੰਤਰੀ ਵਲੋਂ 1087 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਵਰਚੂਅਲ ਤੌਰ 'ਤੇ ਆਗ਼ਾਜ਼
ਕੇਂਦਰ ਕੋਲ ਸ੍ਰੀ ਆਨੰਦਪੁਰ ਸਾਹਿਬ ਨੂੰ ਸਮਾਰਟ ਸਿਟੀ ਸਕੀਮ 'ਚ ਸ਼ਾਮਲ ਕਰਨ ਦੀ ਕੀਤੀ ਮੰਗ
ਚੰਡੀਗੜ੍ਹ, 22 ਫ਼ਰਵਰੀ (ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਰਟ ਸਿਟੀ ਅਤੇ ਅਮਰੁਤ ਯੋਜਨਾਵਾਂ ਤਹਿਤ ਸ਼ਹਿਰੀ ਖੇਤਰਾਂ ਦੇ ਸਰਵਪੱਖੀ ਵਿਕਾਸ ਲਈ 1087 ਕਰੋੜ ਰੁਪਏ ਦੇ ਕਈ ਪ੍ਰਾਜੈਕਟਾਂ ਦਾ ਵਰਚੁਅਲ ਤੌਰ 'ਤੇ ਨੀਂਹ ਪੱਥਰ ਅਤੇ ਉਦਘਾਟਨ ਕੀਤਾ | ਇਸ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਨੌਵੇਂ ਪਾਤਸ਼ਾਹ ਨੂੰ ਸ਼ਰਧਾਂਜਲੀ ਵਜੋਂ ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਨੂੰ ਸਮਾਰਟ ਸਿਟੀ ਯੋਜਨਾ ਵਿਚ ਸ਼ਾਮਲ ਕੀਤਾ ਜਾਵੇ | ਹਾਲ ਹੀ ਵਿਚ ਹੋਈਆਂ ਮਿਉਂਸਪਲ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਭਾਰੀ ਸਮਰਥਨ ਦੇਣ ਲਈ ਸੂਬੇ ਦੇ ਲੋਕਾਂ ਦਾ ਧਨਵਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਫ਼ਤਵਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦਾ ਸਬੂਤ ਹੈ | ਚੋਣਾਂ ਵਿਚ ਕੁਲ 2206 ਵਾਰਡਾਂ ਵਿਚੋਂ 1410 (64 ਫ਼ੀ ਸਦੀ) ਵਾਰਡਾਂ ਵਿਚ ਕਾਂਗਰਸ ਦੀ ਜਿੱਤ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਅਪਣੇ ਲੋਕ ਵਿਰੋਧੀ ਤੇ ਨਕਰਾਤਮਕ ਏਜੰਡੇ ਕਾਰਨ ਖ਼ਤਮ ਹੋ ਗਈਆਂ | ਉਨ੍ਹਾਂ ਸ਼ਹਿਰੀ ਖੇਤਰਾਂ ਦੇ ਵਿਕਾਸ ਨੂੰ ਅੱਖੋਂ-ਪਰੋਖੇ ਕਰਨ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਆਲੋਚਨਾ ਕੀਤੀ | ਇਸ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਪ੍ਰਾਜੈਕਟਾਂ ਦੇ ਆਗਾਜ਼ ਨਾਲ ਇਨ੍ਹਾਂ ਖੇਤਰਾਂ ਦਾ ਸਥਾਈ ਵਿਕਾਸ ਹੋਵੇਗਾ | ਮੁੱਖ ਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਅਪਣੇ ਸਾਬਕਾ ਸੰਸਦੀ ਹਲਕੇ ਅੰਮਿ੍ਤਸਰ ਸ਼ਹਿਰ ਲਈ 721 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਣ ਦੀ ਉਚੇਚੇ ਤੌਰ 'ਤੇ ਖ਼ੁਸ਼ੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਸਕੀਮ ਪਵਿੱਤਰ ਸ਼ਹਿਰ ਦੇ ਵਸਨੀਕਾਂ ਨੂੰ ਦੂਸ਼ਿਤ ਤੇ ਧਰਤੀ ਹੇਠਲੇ ਲਗਾਤਾਰ ਡਿੱਗਦੇ ਪੱਧਰ ਵਾਲੇ ਪਾਣੀ ਦੀ ਬਜਾਏ ਸਾਫ਼ ਪੀਣ ਵਾਲਾ ਪਾਣੀ ਮੁਹਈਆ ਕਰਵਾਉਣਾ ਯਕੀਨੀ ਬਣਾਏਗੀ |
ਸ਼ਹਿਰੀ ਬੁਨਿਆਦੀ ਢਾਂਚਾ ਸੁਧਾਰ ਪ੍ਰੋਗਰਾਮ (ਯੂ.ਆਈ.ਆਈ.ਪੀ.) ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਪਣੇ ਪਹਿਲੇ ਪੜਾਅ ਵਿਚ 300 ਕਰੋੜ ਰੁਪਏ ਦੀ ਲਾਗਤ ਨਾਲ 2065 ਕਾਰਜ ਸ਼ੁਰੂ/ਮੁਕੰਮਲ ਕੀਤੇ ਗਏ ਜਦੋਂ ਕਿ ਦੂਜੇ ਪੜਾਅ ਅਧੀਨ 4227 ਕਾਰਜ ਪ੍ਰਵਾਨ ਕੀਤੇ ਗਏ ਅਤੇ 1300 ਕਾਰਜ ਸ਼ੁਰੂ ਕੀਤੇ ਗਏ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਅਮਰੁਤ ਯੋਜਨਾ ਤਹਿਤ 16 ਸ਼ਹਿਰਾਂ ਲਈ 2785 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਹਨ ਅਤੇ 2740 ਕਰੋੜ ਰੁਪਏ ਦੇ ਪ੍ਰਾਜੈਕਟਾਂ ਉਤੇ ਕੰਮ ਜਾਰੀ ਹੈ | ਮੁੱਖ ਮੰਤਰੀ ਵਲੋਂ ਬਰਨਾਲਾ ਵਿਖੇ 105.63 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਜਿਸ ਵਿਚ 100 ਫ਼ੀ ਸਦੀ ਕਵਰੇਜ ਲਈ ਸੀਵਰੇਜ ਨੈਟਵਰਕ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਵਿਸਥਾਰ ਅਤੇ ਪੁਨਰਸਥਾਪਨ, 5740 ਘਰੇਲੂ ਸੀਵਰੇਜ ਕੁਨੈਕਸ਼ਨਾਂ ਅਤੇ 20 ਐਮ.ਐਲ.ਡੀ. ਸੀਵਰੇਜ ਟ੍ਰੀਟਮੈਂਟ ਪਲਾਂਟ ਨਾਲ 74 ਕਿਲੋਮੀਟਰ ਸੀਵਰੇਜ ਲਾਈਨ ਪਾਉਣਾ ਸ਼ਾਮਲ ਹੈ |
ਇਹ ਸਮਾਗਮ ਸੂਬਾ ਭਰ ਵਿਚ 900 ਥਾਵਾਂ 'ਤੇ ਵੀ ਆਨਲਾਈਨ ਮਾਧਿਅਮ ਰਾਹੀਂ ਹੋਇਆ ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਭਾਰਤ ਭੂਸ਼ਣ ਆਸ਼ੂ ਅਤੇ ਸਾਧੂ ਸਿੰਘ ਧਰਮਸੋਤ ਸਮੇਤ ਵਿਧਾਇਕ, ਮੇਅਰ, ਕੌਂਸਲਰ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਮੁੱਖ ਸਕੱਤਰ ਵਿਨੀ ਮਹਾਜਨ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ |
ਫ਼ੋਟੋ: ਸੰਤੋਖ ਸਿੰਘ