
ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਈ.ਡੀ. ਨੇ ਕੀਤਾ ਗਿ੍ਫ਼ਤਾਰ
ਅਸੀਂ ਲੜਾਂਗੇ ਤੇ ਜਿੱਤਾਂਗੇ, ਝੁਕਾਂਗੇ ਨਹੀਂ : ਨਵਾਬ ਮਲਿਕ
ਮੁੰਬਈ, 23 ਫ਼ਰਵਰੀ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਹਾਰਾਸ਼ਟਰ ਦੇ ਘੱਟ ਗਿਣਤੀ ਕਾਰਜ ਮੰਤਰੀ ਨਵਾਬ ਮਲਿਕ ਨੂੰ ਬੁਧਵਾਰ ਨੂੰ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਅਤੇ ਉਸ ਦੇ ਸਾਥੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਗਿ੍ਫ਼ਤਾਰ ਕੀਤਾ ਗਿਆ | ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ | ਈ.ਡੀ. ਨੇ ਨਵਾਬ ਮਲਿਕ ਨੂੰ 3 ਮਾਰਚ ਤਕ ਰੀਮਾਂਡ 'ਤੇ ਲਿਆ ਹੈ | ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਮਲਿਕ ਨੂੰ ਦਖਣੀ ਮੁੰਬਈ ਦੇ ਬਲਾਰਡ ਅਸਟੇਟ ਇਲਾਕੇ 'ਚ ਈਡੀ ਦੇ ਦਫ਼ਤਰ 'ਚ ਸਵੇਰੇ ਅੱਠ ਵਜੇ ਤੋਂ ਕਰੀਬ ਪੰਜ ਘੰਟੇ ਤਕ ਪੁਛਗਿਛ ਕੀਤੇ ਜਾਣ ਦੇ ਬਾਅਦ ਹਿਰਾਸਤ ਵਿਚ ਲਿਆ ਗਿਆ | ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਦਾ ਬਿਆਨ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਦਰਜ ਕੀਤਾ ਗਿਆ ਹੈ | ਇਨ੍ਹਾਂ ਪ੍ਰਬੰਧਾਂ ਤਹਿਤ ਮਲਿਕ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਹ ਅਪਣੇ ਜਵਾਬ ਵਿਚ ਟਾਲ-ਮਟੋਲ ਕਰ ਰਹੇ ਸਨ |
ਹਿਰਾਸਤ ਵਿਚ ਲਗਭਗ ਅੱਠ ਘੰਟੇ ਦੀ ਪੁਛਗਿਛ ਬਾਅਦ ਦਖਣੀ ਮੁੰਬਈ ਸਥਿਤ ਈਡੀ ਦਫ਼ਤਰ ਤੋਂ ਬਾਹਰ ਆਏ ਮਲਿਕ ਨੇ ਮੀਡੀਆ ਨੂੰ ਕਿਹਾ, ''ਅਸੀਂ ਲੜਾਂਗੇ ਤੇ ਜਿੱਤਾਂਗੇ | ਅਸੀਂ ਝੁਕਾਂਗੇ ਨਹੀਂ |'' ਸੂਤਰਾਂ ਨੇ ਦਸਿਆ ਕਿ ਇਸ ਦੇ ਬਾਅਦ ਈਡੀ ਅਧਿਕਾਰੀ ਮਲਿਕ ਨੂੰ ਇਕ ਵਾਹਨ ਵਿਚ ਬਿਠਾ ਕੇ ਮੈਡੀਕਲ ਜਾਂਚ ਲਈ ਲੈ ਗਏ | ਦਸਿਆ ਜਾ ਰਿਹਾ ਹੈ ਕਿ ਜਾਇਦਾਦ ਦੀ ਖ਼ਰੀਦ ਫਰੋਖ਼ਤ ਨਾਲ ਮਲਿਕ ਦੇ ਕਥਿਤ ਤੌਰ 'ਤੇ ਜੁੜੇ ਹੋਣ
ਦੀ ਏਜੰਸੀ ਜਾਂਚ ਕਰ ਰਹੀ ਹੈ, ਇਸ ਲਈ ਉਨ੍ਹਾਂ ਤੋਂ ਪੁਛਗਿਛ ਕੀਤੀ ਜਾ ਰਹੀ ਹੈ | ਮਲਿਕ ਪਿਛਲੇ ਕੁੱਝ ਮਹੀਨਿਆਂ ਤੋਂ ਚਰਚਾ ਵਿਚ ਹੈ, ਜਦੋਂ ਤੋਂ ਉਸ ਨੇ ਐਨਸੀਬੀ ਦੇ ਮੁੰਬਈ ਖੇਤਰ ਦੇ ਸਾਬਕਾ ਡਾਇਰੈਕਟਰ ਸਮੀਰ ਵਾਨਖੇੜੇ ਵਿਰੁਧ ਨਿਜੀ ਅਤੇ ਸੇਵਾ ਨਾਲ ਜੁੜੇ ਦੋਸ਼ ਲਾਏ ਸਨ | ਮਲਿਕ ਦੇ ਦਾਮਾਦ ਸਮੀਰ ਖ਼ਾਨ ਨੂੰ ਪਿਛਲੇ ਸਾਲ ਡਰੱਗ ਦੇ ਇਕ ਮਾਮਲੇ 'ਚ ਐਨਸੀਬੀ ਨੇ ਗਿ੍ਫ਼ਤਾਰ ਕੀਤਾ ਸੀ | ਅੰਡਰਵਲਡ ਦੀ ਗਤੀਵਿਧੀਆਂ, ਜਾਇਦਾਦ ਦੀ ਗ਼ੈਰ ਕਾਨੂੰਨ ਢੰਗ ਨਾਲ ਖ਼ਰੀਦ ਫਰੋਖ਼ਤ ਅਤੇ ਹਵਾਲਾ ਲੈਣ ਦੇਣ ਦੇ ਸਬੰਧ 'ਚ ਈਡੀ ਨੇ 15 ਫ਼ਰਵਰੀ ਨੂੰ ਮੁੰਬਈ ਵਿਚ ਛਾਪੇਮਾਰੀ ਕੀਤੀ ਸੀ ਅਤੇ ਇਕ ਨਵਾਂ ਮਾਮਲਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਮਲਿਕ ਤੋਂ ਪੁਛਗਿਛ ਕੀਤੀ ਜਾ ਰਹੀ ਹੈ |