
ਤਰੁਣ ਚੁੱਘ ਨੇ ਅੱਜ ਅੰਮ੍ਰਿਤਸਰ ਦੀ ਹਾਰਟ ਲਾਈਨ ਰੀਗੋ ਪੁਲ ਦੇ ਮੁੜ ਨਿਰਮਾਣ ਸਬੰਧੀ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ।
ਅੰਮ੍ਰਿਤਸਰ - ਅੰਮ੍ਰਿਤਸਰ ਵਿਕਾਸ ਮੰਚ (ਰਜਿ.) ਅਤੇ ਫੈਡਰੇਸ਼ਨ ਆਫ ਗਰੌਸਰੀ ਐਂਡ ਡਰਾਈਫਰੂਟ ਐਸੋਸੀਏਸ਼ਨ ਦੇ ਚੇਅਰਮੈਨ ਅਨਿਲ ਮਹਿਰਾ ਦੀ ਮੰਗ ’ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਅੰਮ੍ਰਿਤਸਰ ਦੀ ਹਾਰਟ ਲਾਈਨ ਰੀਗੋ ਪੁਲ ਦੇ ਮੁੜ ਨਿਰਮਾਣ ਸਬੰਧੀ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ।
ਇਸ ਸਮੇਂ ਤਰੁਣ ਚੁੱਘ ਨੇ ਮੰਤਰੀ ਨਾਲ ਅੰਮ੍ਰਿਤਸਰ-ਪੰਜਾਬ ਰੇਲਵੇ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਗੁਰੂਨਗਰੀ ਅੰਮ੍ਰਿਤਸਰ ਵਿਖੇ ਲੋਕਾਂ ਲਈ ਸਮੱਸਿਆ ਬਣ ਰਹੇ "ਰਿਗੋ ਰੇਲਵੇ ਓਵਰਬ੍ਰਿਜ" ਦੇ ਪੁਨਰ ਨਿਰਮਾਣ ਅਤੇ ਇਸ ਦੇ ਪੁਨਰ ਨਿਰਮਾਣ ਲਈ ਫੰਡ ਅਲਾਟ ਕਰਨ ਦੀ ਬੇਨਤੀ ਕੀਤੀ।
ਤਰੁਣ ਚੁੱਘ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਅੰਮ੍ਰਿਤਸਰ ਸ਼ਹਿਰ ਦੇ ਮੱਧ ਵਿਚ ਸ਼ਹਿਰ ਦੀ ਜੀਵਨ ਰੇਖਾ ਬਣ ਚੁੱਕਾ ''ਰੀਗੋ ਰੇਲਵੇ ਬ੍ਰਿਜ'' ਲੋਕਾਂ ਦੀ ਸੇਵਾ ਲਈ ਕੰਮ ਕਰਦਾ ਆ ਰਿਹਾ ਹੈ ਅਤੇ ਟ੍ਰੈਫਿਕ ਸਮੱਸਿਆ ਤੋਂ ਰਾਹਤ ਦਿਵਾਉਣ ਵਿਚ ਸਹਾਈ ਹੋ ਰਿਹਾ ਹੈ ਪਰ ਹੁਣ ਇਸ ਦੀ ਮਿਆਦ ਪੂਰੀ ਹੋ ਗਈ ਹੈ। ਜਿਸ ਕਾਰਨ ਅਧਿਕਾਰੀਆਂ ਨੇ ਇਸ ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਕਰੀਬ 5 ਲੱਖ ਦੀ ਆਬਾਦੀ ਦਾ ਰੋਜ਼ਾਨਾ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਸ਼ਹਿਰ 'ਚ ਟ੍ਰੈਫਿਕ ਜਾਮ ਅਤੇ ਸੜਕਾਂ ਬੰਦ ਹੋਣ ਕਾਰਨ ਅੰਮ੍ਰਿਤਸਰ ਦੀ ਟ੍ਰੈਫਿਕ ਵਿਵਸਥਾ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਹੈ।
ਤਰੁਣ ਚੁੱਘ ਨੇ ਦੱਸਿਆ ਕਿ ਇਹ ਪੁਲ ਸਿਵਲ ਲਾਈਨ ਤੋਂ ਸ਼ਹਿਰ ਅਤੇ ਬਜ਼ਾਰ ਵਿਚ ਆਉਣ-ਜਾਣ ਦਾ ਮੁੱਖ ਸਾਧਨ ਹੋਣ ਕਾਰਨ ਵਪਾਰੀਆਂ, ਉਦਯੋਗਪਤੀਆਂ, ਕਿਸਾਨਾਂ, ਸਕੂਲੀ ਬੱਚਿਆਂ, ਅਧਿਆਪਕਾਂ ਨੂੰ ਹਰ ਰੋਜ਼ ਘੰਟਿਆਂਬੱਧੀ ਸੜਕਾਂ 'ਤੇ ਟ੍ਰੈਫਿਕ ਵਿਚ ਖੜ੍ਹਨਾ ਪੈਂਦਾ ਹੈ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਹੈ। ਲੱਖਾਂ ਰੁਪਏ ਪੈਟਰੋਲ ਅਤੇ ਡੀਜ਼ਲ 'ਤੇ ਖਰਚੇ ਜਾਂਦੇ ਹਨ। ਚੁੱਘ ਨੂੰ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਵੱਲੋਂ ਭਰੋਸਾ ਦਿੱਤਾ ਗਿਆ ਕਿ ਲੋਕਾਂ ਨੂੰ ਰਿਗੋ ਪੁਲ ਦੀਆਂ ਸਮੱਸਿਆਵਾਂ ਤੋਂ ਜਲਦੀ ਨਿਜਾਤ ਦਿਵਾਈ ਜਾਵੇਗੀ, ਨਾਲ ਹੀ ਮੰਤਰੀ ਵੈਸ਼ਨਵ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕ ਹਿੱਤ ਵਿਚ "ਰਿਗੋ ਰੇਲਵੇ ਬ੍ਰਿਜ" ਦਾ ਨਵੀਨੀਕਰਨ ਜਲਦੀ ਸ਼ੁਰੂ ਕੀਤਾ ਜਾਵੇ।