
ਹੁਸ਼ਿਆਰਪੁਰ ਵਿਚ ਸ਼ਰਾਬ ਦੇ ਠੇਕੇ 'ਤੇ ਕੰਮ ਕਰਦਾ ਸੀ ਵਿਜੇ ਸਹੋਤਾ
ਫ਼ਤਹਿਗੜ੍ਹ ਸਾਹਿਬ - ਗੈਂਗਸਟਰ ਤੇਜਿੰਦਰ ਸਿੰਘ ਤੇਜਾ ਪੁੱਤਰ ਜੁਝਾਰ ਸਿੰਘ ਵਾਸੀ ਮਹਿੰਦਪੁਰ, ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ, ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿਖੇ ਹੋਏ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ ਤੇ ਉਸ ਦਾ ਸਾਥੀ ਵਿਜੇ ਸਹੋਤਾ ਉਰਫ਼ ਮਨੀ ਵਾਸੀ ਅਨਾਰਵਾਲੀ ਮੁਹੱਲੇ ਵਾਲਾ ਵੀ ਇਸੇ ਅਨਕਾਊਂਟਰ ਵਿਚ ਮਾਰਿਆ ਗਿਆ ਸੀ।
ਇਸ ਸਬੰਧੀ ਅੱਜ ਬੀਤੇ ਦਿਨ ਅਨਕਾਊਂਟਰ ਵਿਚ ਮਾਰੇ ਗਏ ਵਿਜੇ ਸਹੋਤਾ ਦੇ ਚਾਚੇ ਸੁਦੇਸ਼ ਕੁਮਾਰ ਨੇ ਦੱਸਿਆ ਕਿ ਵਿਜੇ ਸਹੋਤਾ ਅਜਿਹਾ ਲੜਕਾ ਨਹੀਂ ਸੀ, ਉਹ ਗੈਂਗਸਟਰ ਹੈ ਹੀ ਨਹੀਂ ਸੀ ਉਸ ਨੂੰ ਗੈਂਗਸਟਰ ਬਣਾਇਆ ਗਿਆ ਸੀ। ਪਹਿਲਾਂ ਉਹ ਮਜ਼ਦੂਰੀ ਕਰਦਾ ਸੀ। ਲੜਾਈ-ਝਗੜੇ ਦੇ ਇੱਕ-ਦੋ ਮਾਮਲੇ ਸਾਹਮਣੇ ਆਏ ਸਨ। ਉਹ ਹੁਸ਼ਿਆਰਪੁਰ ਵਿਚ ਸ਼ਰਾਬ ਦੇ ਠੇਕੇ ਉੱਤੇ ਕੰਮ ਕਰਦਾ ਸੀ। ਉਹ ਨਵੰਬਰ ਮਹੀਨੇ ਤੋਂ ਘਰ ਨਹੀਂ ਆਇਆ। ਸੁਦੇਸ਼ ਕੁਮਾਰ ਨੇ ਦੱਸਿਆ ਕਿ ਵਿਜੇ ਸਹੋਤਾ ਦੀ ਕੁੱਝ ਸਮਾਂ ਪਹਿਲਾਂ ਕੁੱਝ ਪਿੰਡ ਦੇ ਮੁੰਡਿਆ ਨਾਲ ਲੜਾਈ ਹੋਈ ਸੀ। ਉਹਨਾਂ ਨੇ ਤੰਗ ਪਰੇਸ਼ਾਨ ਕੀਤਾ ਤੇ ਉਹਨਾਂ ਦੇ ਵੱਡੇ ਭਤੀਜੇ ਦੇ ਸਿਰ 'ਤੇ ਸੱਟ ਮਾਰੀ ਸੀ।
ਉਸ ਤੋਂ ਬਾਅਦ ਉਹਨਾਂ 'ਤੇ 307 ਦਾ ਪਰਚਾ ਹੋਇਆ ਸੀ। ਉਸ ਤੋਂ ਬਾਅਦ ਮੁੰਡਿਆ ਨੇ ਉਹਨਾਂ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਇਸ ਮੁੱਦੇ 'ਤੇ ਫੈਸਲਾ ਕਰੋ ਨਹੀਂ ਤਾਂ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ। ਪਰਿਵਾਰ ਨੇ ਥਾਣਿਆਂ ਵਿਚ ਵੀ ਸ਼ਿਕਾਇਤ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ ਤੇ ਹੁਣ ਵੀ ਉਹਨਾਂ ਦੇ ਬੱਚੇ ਨੂੰ ਨਾਜ਼ਾਇਜ਼ ਮਾਰ ਦਿੱਤਾ ਗਿਆ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾਵੇ ਤੇ ਉਹਨਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਕੱਲ੍ਹ ਵਾਲੀ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।