
ਕਿਸਾਨ ਅੰਦੋਲਨ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਨਾਲ ਵਿਚਾਰ ਚਰਚਾ ਵੀ ਕੀਤੀ।
ਨੰਗਲ (ਕੁਲਵਿੰਦਰ ਜੀਤ ਸਿੰਘ ਭਾਟੀਆ): ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਅਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਕਾਰ ਇਕ ਗੁਪਤ ਮੀਟਿੰਗ ਹੋਣ ਦੀਆਂ ਚਰਚਾਵਾ ਜ਼ੋਰ ਉਤੇ ਹੈ। ਇਸ ਸਬੰਧੀ ਇਕੱਤਰ ਕੀਤੀ ਗਈ ਜਾਣਕਾਰੀ ਦਾ ਮੁੱਢ ਇਸ ਗੱਲ ਤੋਂ ਬੱਝਿਆ ਕਿ ਇਕ ਵਿਅਕਤੀ ਸਿੱਧੂ ਸਰੂਪ ਨੇ ਅਪਣੇ ਸੋਸ਼ਲ ਮੀਡੀਆ ਗਰੁੱਪ ਉਤੇ ਪਾਇਆ ਕਿ ਰਾਕੇਸ਼ ਟਿਕੈਤ ਅੰਕਲ ਸੰਗਰੀਆਂ ਤੋਂ ਵਾਪਸ ਪਰਤਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਰਾਤ 12 ਵਜੇ ਪਹੁੰਚੇ ਅਤੇ ਮੱਥਾ ਟੇਕਿਆ।
Rakesh Tikait
ਕੁੱਝ ਹੀ ਦਿਨਾਂ ਵਿਚ ਇਸ ਗੱਲ ਦੀ ਚਰਚਾ ਜ਼ੋਰ ਫੜ ਗਈ ਕਿ ਉਸ ਰਾਤ ਗਿਆਨੀ ਹਰਪ੍ਰੀਤ ਸਿੰਘ ਅਤੇ ਰਾਕੇਸ਼ ਟਿਕੈਤ ਦੇ ਵਿਚਕਾਰ ਗੁਪਤ ਮੀਟਿੰਗ ਹੋਈ ਹੈ ਕਿਉਂਕਿ ਉਸ ਦਿਨ ਗਿਆਨੀ ਹਰਪ੍ਰੀਤ ਸਿੰਘ ਵੀ ਉਥੇ ਹੀ ਸਨ ਅਤੇ ਮੀਟਿੰਗ ਦੌਰਾਨ ਕੀ ਗੱਲਬਾਤ ਹੋਈ ਇਹ ਬਾਹਰ ਨਾ ਨਿਕਲ ਸਕੀ।
Giani Harpreet Singh
ਇਸ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਨਾਲ ਜਦੋਂ ਪੱਤਰਕਾਰ ਨੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਬਿਲਕੁਲ ਠੀਕ ਹੈ ਕਿ ਰਾਕੇਸ਼ ਟਿਕੈਤ ਵੱਲੋਂ ਰਾਤ 11 ਵਜੇ ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਿਆ ਅਤੇ ਉਨ੍ਹਾਂ ਨੂੰ ਸਿਰੋਪਾਉ ਦੀ ਬਖ਼ਸ਼ਿਸ਼ ਵੀ ਕੀਤੀ ਤੇ ਉਹ ਲੰਗਰ ਪ੍ਰਸ਼ਾਦਾ ਛਕ ਕੇ ਵਾਪਸ ਚਲੇ ਗਏ ਪਰ ਉਨ੍ਹਾਂ ਦੇ ਬਾਕੀ ਸਾਥੀ ਦਮਦਮਾ ਸਾਹਿਬ ਹੀ ਰੁਕ ਗਏ ਅਤੇ ਉਨ੍ਹਾਂ ਨੇ ਸਵੇਰੇ ਕਿਸਾਨ ਅੰਦੋਲਨ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਨਾਲ ਵਿਚਾਰ ਚਰਚਾ ਵੀ ਕੀਤੀ।