
132 ਲੱਖ ਟਨ ਕਣਕ ਖ਼ਰੀਦ ਦੇ ਪ੍ਰਬੰਧ ਵੱਡੇ ਪੱਧਰ 'ਤੇ ਪੂਰੇ ਨਵੇਂ ਫ਼ੂਡ ਸਪਲਾਈ ਮੰਤਰੀ ਲਾਲ ਚੰਦ ਪਹੁੁੰਚੇ ਅਨਾਜ ਭਵਨ
ਚੰਡੀਗੜ੍ਹ, 22 ਮਾਰਚ (ਜੀ.ਸੀ. ਭਾਰਦਵਾਜ): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ 11 ਮੈਂਬਰੀ ਕੈਬਨਿਟ ਨੇ ਅੱਜ ਵਿਧਾਨ ਸਭਾ ਸੈਸ਼ਨ ਉਪਰੰਤ ਸਿਵਲ ਸਕੱਤਰੇਤ ਵਿਚ ਚਾਰਜ ਸੰਭਾਲਣ ਮਗਰੋਂ ਨਵੇਂ ਅਨਾਜ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੈਕਟਰ 39 ਦੇ ਅਨਾਜ ਭਵਨ ਵਿਚ ਸੀਨੀਅਰ ਅਧਿਕਾਰੀਆਂ ਨਾਲ ਕਣਕ ਖ਼ਰੀਦ ਦੇ ਵੱਡੇ ਪੱਧਰ 'ਤੇ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ |
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਅਨਾਜ ਸਪਲਾਈ ਮੰਤਰੀ ਨੇ ਦਸਿਆ ਕਿ ਕੇਂਦਰ ਸਰਕਾਰ ਵਲੋਂ ਤੈਅਸ਼ੁਦਾ ਸ਼ਰਤਾਂ ਮੁਤਾਬਕ ਇਸ ਸੀਜ਼ਨ ਵਿਚ 132 ਲੱਖ ਟਨ, ਕਣਕ ਖ਼ਰੀਦ ਦੇ ਪ੍ਰਬੰਧ ਲਗਭਗ ਪੂਰੇ ਹੋ ਗਏ ਹਨ ਅਤੇ 29400 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਆਉਂਦੇ 2-3 ਦਿਨਾਂ ਵਿਚ ਰਿਜ਼ਰਵ ਬੈਂਕ ਵਲੋਂ ਜਾਰੀ ਹੋ ਜਾਵੇਗੀ | ਕਣਕ ਦੀ ਇਹ ਵੱਡੀ ਖ਼ਰੀਦ 1 ਅਪ੍ਰੈਲ ਤੋਂ ਲਾਗੂ ਹੋ ਜਾਵੇਗੀ ਜਿਸ ਵਾਸਤੇ 1800 ਤੋਂ ਵੱਧ ਪੱਕੀਆਂ ਮੰਡੀਆਂ ਤੋਂ ਇਲਾਵਾ 400 ਤੋਂ ਵੱਧ ਆਰਜ਼ੀ ਖ਼ਰੀਦ ਕੇਂਦਰਾਂ ਵਿਚ ਵੀ ਲਾਈਟਾਂ, ਪਾਣੀ, ਪਖ਼ਾਨੇ, ਸੈਨੀਟੇਸ਼ਨ ਦਾ ਇੰਤਜ਼ਾਮ ਲਗਭਗ ਪੂਰਾ ਹੋ ਗਿਆ ਹੈ |
ਇਥੇ ਦਸਣਾ ਜ਼ਰੂਰੀ ਹੈ ਕਿ 10 ਮਾਰਚ ਦੇ ਚੋਣ ਨਤੀਜੇ ਆਉਣ ਤੋਂ ਹਫ਼ਤਾ ਪਹਿਲਾਂ ਹੀ 2 ਮਾਰਚ ਨੂੰ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਕਣਕ ਖ਼ਰੀਦ ਦੇ ਪ੍ਰਬੰਧਾਂ
ਬਾਰੇ ਸਾਰੇ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਨਾਲ ਲੰਮੀ ਚੌੜੀ ਗੱਲਬਾਤ ਕੀਤੀ ਸੀ | ਅਨਾਜ ਸਪਲਾਈ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਘੱਟੋ ਘੱਟ ਸਮਰਥਲ ਮੁਲ 2015 ਰੁਪਏ ਪ੍ਰਤੀ ਕੁਇੰਟਲ ਪਿਛਲੇ ਸਾਲ ਕੇਂਦਰ ਸਰਕਾਰ ਨੇ ਨਵੰਬਰ ਵਿਚ ਹੀ ਐਲਾਨ ਕਰ ਦਿਤਾ ਸੀ | ਇਹ ਰੇਟ ਪਿਛਲੀ ਖ਼ਰੀਦ ਦੇ ਰੇਟ ਨਾਲੋਂ 40 ਰੁਪਏ ਵੱਧ ਹੈ |
ਇਸ ਵਾਰ ਤੈਅ ਸ਼ੁਦਾ ਫ਼ਾਰਮੂਲੇ ਅਨੁਸਾਰ ਕੁਲ 132 ਲੱਖ ਟਨ ਵਿਚੋਂ ਐਫ਼ਸੀਆਈ ਨੇ ਕੇਵਲ 17 ਲੱਖ ਟਨ, ਪਨਗਰੇਨ ਨੇ 34.5 ਲੱਖ ਟਨ, ਮਾਰਕਫ਼ੈੱਡ 32.4 ਲੱਖ ਟਨ, ਪਨਸਪ 31.7 ਲੱਖ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ 19.5 ਲੱਖ ਟਨ ਕਣਕ ਖ਼ਰੀਦਣ ਦੇ ਇੰਤਜ਼ਾਮ ਕੀਤੇ ਹਨ | ਜ਼ਿਕਰਯੋਗ ਹੈ ਕਿ ਮੰਡੀਆਂ ਤੇ ਆਰਜ਼ੀ ਖ਼ਰੀਦ ਕੇਂਦਰਾਂ ਵਿਚੋਂ ਫ਼ਸਲ ਦੀ ਸਫ਼ਾਈ ਛਾਨਣਾ ਸੁਕਾਉਣ ਦੀ ਪ੍ਰਕਿਰਿਆ ਉਪਰੰਤ 50-50 ਕਿਲੋ ਦੀਆਂ ਬੋਰੀਆਂ ਭਰਨ ਵਾਸਤੇ 4,37,000 ਵੱਡੀਆਂ ਗੰਢਾਂ, ਰੇਲ ਰਾਹੀਂ ਕਲਕੱਤਾ ਤੋਂ ਮੰਗਵਾਉਣ ਦਾ ਪ੍ਰਬੰਧ ਵੀ 90 ਫ਼ੀ ਸਦੀ ਹੋ ਚੁੱਕਾ ਹੈ | ਇਕ ਵੱਡੀ ਗੰਢ ਵਿਚ 500 ਬੋਰੀਆਂ ਹੁੰਦੀਆਂ ਹਨ | ਇਕ ਸੀਨੀਅਰ ਅਧਿਕਾਰੀ ਨੇ ਦਸਆ ਕਿ 10 ਤੋਂ 15 ਫ਼ੀ ਸਦੀ ਪੁਰਾਣੀਆਂ ਬੋਰੀਆਂ ਵੀ ਵਰਤਣ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਹੈ | ਪੰਜਾਬ ਵਿਚ ਕਣਕ ਦੀ ਇਸ ਵੱਡੀ ਖ਼ਰੀਦ ਨੂੰ 35 ਤੋਂ 40 ਦਿਨ ਲੱਗ ਸਕਦੇ ਹਨ ਅਤੇ ਜ਼ਿਲ੍ਹਾ ਵਾਈਜ਼ ਕੋਟਾ ਵੀ ਤੈਅ ਹੋ ਚੁੱਕਾ ਹੈ | ਇਸ ਨਾਲ ਨਾਲ ਪੰਜਾਬ ਦੀਆਂ 4 ਏਜੰਸੀਆਂ ਅਤੇ ਕੇਂਦਰੀ ਖ਼ੁਰਾਕ ਨਿਗਮ ਐਫ਼.ਸੀ.ਆਈ. ਲਈ ਮੰਡੀਆਂ ਅਲਾਟ ਹੋ ਚੁੱਕੀਆਂ ਹਨ |