
ਜਹਾਜ਼ ਹਾਦਸੇ ਤੋਂ ਹੈਰਾਨ ਹਨ ਚੀਨ ਦੇ ਰਾਸ਼ਟਰਪਤੀ, ਰਾਹਤ ਮੁਹਿੰਮ ਦਾ ਦਿਤਾ ਆਦੇਸ਼
ਬੀਜਿੰਗ, 22 ਮਾਰਚ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਸੋਮਵਾਰ ਨੂੰ ਜਹਾਜ਼ ਹਾਦਸੇ ਦੀ ਖ਼ਬਰ ਸੁਣ ਕੇ ਉਹ ਹੈਰਾਨ ਹਨ। ਉਨ੍ਹਾਂ ਨੇ ਵਿਆਪਕ ਖੋਜ ਅਤੇ ਬਚਾਅ ਕਾਰਜਾਂ ਦਾ ਆਦੇਸ਼ ਦਿਤਾ ਹੈ। ਸਰਕਾਰੀ ਸੰਚਾਲਿਤ ਸਮਾਚਾਰ ਏਜੰਸੀ ਸ਼ਿਨਹੁਆ ਨੇ ਖੇਤਰੀ ਆਫ਼ਤ ਪ੍ਰਬੰਧਨ ਵਿਭਾਗ ਦੇ ਹਵਾਲੇ ਲਿਖਿਆ ਹੈ ਕਿ ਚਾਈਨਾ ਈਸਟਰਨ ਏਅਰਲਾਈਨਜ਼ ਦਾ ਬੋਇੰਗ 737 ਜਹਾਜ਼ ਤੇਂਗਸ਼ਿਆਨ ਕਾਉਂਟੀ ਦੇ ਵੁਝੋ ਸ਼ਹਿਰ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਨੇੜੇ-ਤੇੜੇ ਦੇ ਪਹਾੜੀ ਖੇਤਰ ਵਿਚ ਅੱਗ ਲੱਗ ਗਈ। ਇਹ ਜਹਾਜ਼ 132 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਕੁਨਮਿੰਗ ਤੋਂ ਗੁਆਂਗਝੋ ਜਾ ਰਿਹਾ ਸੀ। ਸ਼ਿਨਹੁਆ ਅਨੁਸਾਰ, ਹਾਦਸੇ ਦੇ ਤੁਰੰਤ ਬਾਅਦ ਜਾਰੀ ਹਦਾਇਤਾਂ ’ਚ ਸ਼ੀ ਨੇ ਕਿਹਾ ਕਿ ਉਹ ਕੁਨਮਿੰਗ ਤੋਂ ਗੁਆਨਝੋ ਜਾ ਰਹੀ ਚਾਈਨਾ ਈਸਟਰਨ ਏਅਰਲਾਈਨਜ਼ ਦੀ ਉਡਾਣ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਖ਼ਬਰ ਸੁਣ ਕੇ ਹੈਰਾਨ ਹਨ। ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੂਰੀ ਖੋਜ ਅਤੇ ਬਚਾਅ ਮੁਹਿੰਮ ਚਲਾਉਣ ਦਾ ਆਦੇਸ਼ ਦਿਤਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹਵਾਬਾਜ਼ੀ ਖੇਤਰ ਲੋਕਾਂ ਦੀ ਜੀਵਨ ਦੀ ਸੁਰੱਖਿਆ ਲਈ ਹਵਾਬਾਜ਼ੀ ਖੇਤਰ ਦੀ ਸੁਰੱਖਿਆ ਵਿਚ ਸੁਧਾਰ ਕਰਨ ਦੀ ਲੋੜ ਹੈ। ਸਰਕਾਰੀ ਪ੍ਰਸਾਰਕ ਸੀਜੀਟੀਐਨ ਦੀ ਖਬਰ ਮੁਤਾਬਕ, ਪਹਿਲੀ ਬਚਾਅ ਟੀਮ ਦਲ ਸੁਦੂਰ ਪਹਾੜੀ ਖੇਤਰ ’ਚ ਸਥਿਤ ਹਾਦਸੇ ਵਾਲੀ ਥਾਂ ’ਤੇ ਪਹੁੰਚ ਗਈ ਹੈ। ਇਸ ਦੌਰਾਨ ਚਾਈਨਾ ਈਸਟਰਨ ਏਅਰਲਾਈਨਜ਼ ਨੇ ਆਪਣੀ ਵੈੱਬਸਾਈਟ ਦਾ ਰੰਗ ਬਦਲ ਕੇ ਕਾਲਾ ਕਰ ਦਿਤਾ ਹੈ। (ਏਜੰਸੀ)