
ਚੋਣਾਂ ਖ਼ਤਮ- ਪਟਰੌਲ, ਡੀਜ਼ਲ ਦੀਆਂ ਕੀਮਤਾਂ ਵਧੀਆਂ ਐਲਪੀਜੀ ਗੈਸ ਦੀਆਂ ਕੀਮਤਾਂ 'ਚ ਵੀ ਹੋਇਆ ਵਾਧਾ
ਨਵੀਂ ਦਿੱਲੀ, 22 ਮਾਰਚ : ਅੱਜ ਦੇਸ਼ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ | ਅੱਜ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਹ ਵਾਧਾ ਰੂਸ-ਯੂਕਰੇਨ ਯੁੱਧ ਕਾਰਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਹੋਇਆ ਹੈ |
ਪਟਰੌਲ ਅਤੇ ਡੀਜ਼ਲ ਵਿਚ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ | ਨਵੀਆਂ ਕੀਮਤਾਂ ਅੱਜ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ | ਹੁਣ ਤੋਂ ਕੀਮਤਾਂ ਵਿਚ ਰੋਜ਼ਾਨਾ ਵਾਧਾ ਹੋਣ ਦੀ ਵੀ ਸੰਭਾਵਨਾ ਹੈ | ਦੱਸ ਦੇਈਏ ਕਿ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 137 ਦਿਨਾਂ ਬਾਅਦ ਵਾਧਾ ਹੋਇਆ ਹੈ ਅਤੇ ਇਸ ਤੋਂ ਪਹਿਲਾਂ 4 ਨਵੰਬਰ ਨੂੰ ਦੇਸ਼ ਵਿਚ ਤੇਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਸੀ | ਰਾਜਧਾਨੀ ਦਿੱਲੀ 'ਚ ਪਟਰੌਲ ਦੀ ਕੀਮਤ 95.41 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 96.21 ਰੁਪਏ ਹੋ ਗਈ ਹੈ | ਜਦੋਂ ਕਿ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਤੋਂ ਹੁਣ 87.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ |
ਭਾਰਤੀ ਪੈਟਰੋਲੀਅਮ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਤਾਜ਼ਾ ਅਪਡੇਟ ਦੇ ਅਨੁਸਾਰ, ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿਚ 22 ਮਾਰਚ, 2022 ਨੂੰ ਪਟਰੌਲ ਦੀ ਕੀਮਤ 109.98 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 110.82 ਰੁਪਏ ਪ੍ਰਤੀ ਲੀਟਰ ਹੋ ਗਈ ਹੈ | ਜਦਕਿ ਡੀਜ਼ਲ ਦੀ ਕੀਮਤ 95 ਰੁਪਏ ਪ੍ਰਤੀ ਲੀਟਰ ਤਕ ਪਹੁੰਚ ਗਈ ਹੈ, ਜੋ ਕਿ 4 ਮਹੀਨਿਆਂ
ਤੋਂ 94.14 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ |
ਜਾਣੋ ਪੈਟਰੋਲ-ਡੀਜ਼ਲ ਦੇ ਅੱਜ ਦੇ ਭਾਅ
ਸ਼ਹਿਰ ਦਾ ਨਾਮ ਪੈਟਰੋਲ ਡੀਜ਼ਲ
ਜਲੰਧਰ 95.69 84.51
ਲੁਧਿਆਣਾ 96.35 85.13
ਅੰਮਿ੍ਤਸਰ 96.43 85.22
ਹੁਸ਼ਿਆਰਪੁਰ 95.82 84.62
ਚੰਡੀਗੜ੍ਹ 95.01 81.63
ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ 50 ਰੁਪਏ ਦਾ ਵਾਧਾ
ਇਸ ਦੇ ਨਾਲ ਹੀ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧ ਗਈ ਹੈ | ਨਵੀਂ ਕੀਮਤ ਅੱਜ (ਮੰਗਲਵਾਰ) ਤੋਂ ਲਾਗੂ ਹੋਵੇਗੀ | 6 ਅਕਤੂਬਰ 2021 ਤੋਂ ਬਾਅਦ ਅੱਜ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਧੀਆਂ ਹਨ | ਅੱਜ ਤੋਂ ਦਿੱਲੀ 'ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 899.50 ਰੁਪਏ ਤੋਂ ਵਧ ਕੇ 949.5 ਰੁਪਏ ਹੋ ਗਈ ਹੈ | ਦਿੱਲੀ ਵਿਚ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਹੁਣ 949.50 ਰੁਪਏ ਹੈ |
ਐਲਪੀਜੀ ਦੀਆਂ ਕੀਮਤਾਂ ਵਿਚ ਆਖਰੀ ਵਾਰ 6 ਅਕਤੂਬਰ ਨੂੰ ਬਦਲਾਅ ਕੀਤਾ ਗਿਆ ਸੀ, ਜਦੋਂ ਕਿ ਕਈ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 4 ਨਵੰਬਰ ਤੋਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਹੋਇਆ ਹੈ | ਨਵੰਬਰ ਵਿਚ, ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ 81-82 ਡਾਲਰ ਪ੍ਰਤੀ ਬੈਰਲ ਸਨ, ਜੋ ਹੁਣ 114 ਡਾਲਰ ਪ੍ਰਤੀ ਬੈਰਲ ਹਨ | ਸੂਤਰਾਂ ਨੇ ਦਸਿਆ ਕਿ 5 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਹੁਣ 349 ਰੁਪਏ, 10 ਕਿਲੋ ਦੇ ਸਿਲੰਡਰ ਦੀ ਕੀਮਤ 669 ਰੁਪਏ ਅਤੇ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 2003.50 ਰੁਪਏ ਹੋਵੇਗੀ | (ਏਜੰਸੀ)