
ਮਜੀਠਾ ਵਿਚ ਰਸਤਾ ਮੰਗਣ ਤੇ ਲੜਾਈ ਉਪਰੰਤ ਚਲੀ ਗੋਲੀ, ਦੋ ਗੱੁਜਰਾਂ ਦੀ ਮੌਤ
ਅੰਮਿ੍ਤਸਰ, 22 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਜਾਬ ਅੰਦਰ ਸੰਗੀਨ ਅਪਰਾਧਾਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ | ਤਾਜ਼ਾ ਮਾਮਲਾ ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਅਨੈਤਪੁਰਾ ਵਿਚ ਦੋ ਧਿਰਾਂ ਵਿਚ ਗੋਲੀ ਚਲਣ ਨਾਲ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ਗੁੱਜਰ ਭਾਈਚਾਰੇ ਦੇ ਲੋਕ ਅਪਣੀ ਰੇਹੜੀ ਤੇ ਖੇਤਾਂ ਵਲ ਪੱਠੇ ਲੈਣ ਜਾ ਰਹੇ ਸੀ ਕਿ ਸਾਹਮਣੇ ਤੋਂ ਕਿਸਾਨ (ਜਿਮੀਂਦਾਰ) ਟਰੈਕਟਰ ਟਰਾਲੀ 'ਤੇ ਆ ਰਹੇ ਸਨ | ਗੁੱਜਰ ਸੁਰਮਦੀਨ ਨੇ ਟਰਾਲੀ ਵਾਲੇ ਨੌਜਵਾਨਾਂ ਪਾਸੋਂ ਰੇਹੜੀ ਲੰਘਾਉਣ ਵਾਸਤੇ ਰਸਤਾ ਮੰਗਿਆ ਜਿਸ 'ਤੇ ਟਰਾਲੀ ਵਾਲੇ ਨੌਜਵਾਨਾਂ ਅਤੇ ਗੁੱਜਰਾਂ ਵਿਚ ਗਾਲੀ ਗਲੋਚ ਸ਼ੁਰੂ ਹੋ ਗਿਆ | ਉਪਰੰਤ ਗੁੱਜਰ ਸੁਰਮਦੀਨ ਵਾਪਸ ਅਪਣੇ ਡੇਰੇ ਆ ਗਿਆ ਤਾਂ ਟਰਾਲੀ ਵਾਲੇ ਨੌਜਵਾਨਾਂ ਨੇ ਗੁੱਜਰਾਂ ਦੀ ਨਹਿਰ ਦੇ ਕੰਢੇ 'ਤੇ ਲੱਗੀ ਪਰਾਲੀ ਨੂੰ ਅੱਗ ਲਗਾ ਦਿਤੀ |
ਉਪਰੰਤ ਜਿਮੀਂਦਾਰਾਂ ਦੇ ਨੌਜਵਾਨ ਅਪਣੇ ਨਾਲ ਕੁੱਝ ਹੋਰ ਸਾਥੀਆਂ ਨੂੰ ਲੈ ਕੇ ਆ ਗਏ ਅਤੇ ਗੁੱਜਰਾਂ ਦੇ ਡੇਰੇ 'ਤੇ ਹੱਲਾ ਬੋਲ ਦਿਤਾ | ਮੌਕੇ 'ਤੇ ਜਾਣਕਾਰੀ ਮੁਤਾਬਕ ਉਕਤ ਕਿਸਾਨਾਂ ਵਿਚੋਂ ਕਿਸੇ ਨੇ ਗੋਲੀ ਚਲਾ ਦਿਤੀ ਜਿਹੜੀ ਕਿ ਗੁੱਜਰ ਸੁਰਮਦੀਨ, ਅਲੀਦੀਨ ਅਤੇ ਸੱਤੂ ਦੇ ਵੱਜੀਆਂ | ਸੁਰਮਦੀਨ ਅਤੇ ਅਲੀਦੀਨ ਗੰਭੀਰ ਜ਼ਖ਼ਮੀ ਹੋ ਗਏ ਅਤੇ ਸੁਰਮਦੀਨ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਮੌਤ ਹੋ ਗਈ | ਅਲੀਦੀਨ ਨੂੰ ਜ਼ਿਆਦਾ ਗੰਭੀਰ ਜ਼ਖ਼ਮੀ ਹੋਣ ਤੇ ਅੰਮਿ੍ਤਸਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਸ ਦੀ ਬਾਅਦ ਵਿਚ ਮੋਤ ਹੋ ਗਈ ਅਤੇ ਬਾਕੀ ਵਿਅਕਤੀਆਂ ਸੱਤੂ, ਬਾਘਾ, ਜਾਕਰ, ਮੱਖਣ ਅਤੇ ਐਮਨਾ ਲੜਕੀ ਨੂੰ ਵੀ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਿਥੇ ਇਨ੍ਹਾਂ ਦਾ ਇਲਾਜ ਚਲ ਰਿਹਾ ਹੈ |
ਦੋਹਾਂ ਧਿਰਾਂ ਦਰਮਿਆਨ ਝਗੜੇ ਵਿਚ ਜਿਮੀਂਦਾਰਾਂ ਦੇ ਨੌਜਵਾਨਾਂ ਵਿਚ ਜ਼ਖ਼ਮੀ ਹੋਣ ਵਾਲਿਆਂ ਵਿਚ ਕਿਸਾਨਾਂ ਦੇ ਪ੍ਰਵਾਰਾਂ ਦੇ ਜੀਅ ਜ਼ਖ਼ਮੀ ਹੋਏ ਹਨ | ਪੁਲਿਸ ਨੂੰ ਇਤਲਾਹ ਮਿਲਣ 'ਤੇ ਸਪੈਸ਼ਲ ਡਿਊਟੀ 'ਤੇ ਆਏ ਡੀਐਸਪੀ ਰਵਿੰਦਰ ਸਿੰਘ ਅਤੇ ਐਸਐਚਓ ਇੰਸਪੈਕਟਰ ਹਰਸੰਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜ਼ਖ਼ਮੀ ਵਿਅਕਤੀਆਂ ਦੇ ਬਿਆਨ ਕਲਮਬੰਧ ਕੀਤੇ ਜਾ ਰਹੇ ਹਨ | ਬਿਆਨਾਂ ਦੇ ਆਧਾਰ 'ਤੇ ਦੋਸ਼ੀ ਮਿਲਣ ਵਾਲੇ ਵਿਅਕਤੀਆਂ ਵਿਰੁਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਕੈਪਸ਼ਨ-ਏ ਐਸ ਆਰ ਬਹੋੜੂ— 22— 7— ਮਾਰੇ ਗਏ ਗੁੱਜਰ ਭਾਈਚਾਰੇ ਦੇ ਵਿਅਕਤੀ |