
ਓਆਈਸੀ ’ਚ ਚੀਨ ਦੇ ਗੈਸਟ ਬਣਨ ’ਤੇ ਭੜਕੇ ਉਈਗਰ ਸੰਗਠਨ
ਕਿਹਾ- ਸ਼ਿਨਜਿਆਂਗ ’ਚ ਨਸਲਕੁਸ਼ੀ ਕਰ ਰਿਹੈ ਚੀਨ
ਮੁਨੀਚ, 22 ਮਾਰਚ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਆਰਗਨਾਈਜ਼ੇਸ਼ਨ ਆਫ਼ ਇਸਲਾਮਿਕ ਕਾਰਪੋਰੇਸ਼ਨ (ਓਆਈਸੀ) ਦੀ 22-23 ਮਾਰਚ ਨੂੰ ਹੋਣ ਵਾਲੀ ਬੈਠਕ ਹੁਣੇ ਤੋਂ ਹੀ ਵਿਵਾਦਾਂ ’ਚ ਆ ਗਈ ਹੈ। ਦਰਅਸਲ ਇਸ ਬੈਠਕ ’ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਬਤੌਰ ਸਪੈਸ਼ਲ ਗੈਸਟ ਦੇ ਤੌਰ ’ਤੇ ਹਿੱਸਾ ਲੈ ਰਹੇ ਹਨ। ਮੁਸਲਿਮ ਦੇਸ਼ਾਂ ਦੀ ਇਸ ਬੈਠਕ ’ਚ ਚੀਨ ਨੂੰ ਦੇਖ ਕੇ ਉਈਗਰ ਸੰਗਠਨਾਂ ਨੇ ਚਿੰਤਾ ਜਤਾਈ ਹੈ। ਵਰਲਡ ਉਈਗਰ ਕਾਂਗਰਸ ਨੇ ਮਾਮਲੇ ਨੂੰ ਲੈ ਕੇ ਕਿਹਾ ਕਿ ਓਆਈਸੀ ’ਚ ਵਾਂਗ ਯੀ ਦੀ ਮੌਜੂਦਗੀ ਓਆਈਸੀ ਦੀ ਭਰੋਸੇਯੋਗਤਾ ਤੇ ਕੌਮਾਂਤਰੀ ਵੱਕਾਰ ਨੂੰ ਕਮਜ਼ੋਰ ਕਰਦੀ ਹੈ।
ਵਰਲਡ ਉਈਗਰ ਕਾਂਗਰਸ ਦੇ ਪ੍ਰਧਾਨ ਡੋਲਕੁਨ ਈਸਾ ਨੇ ਕਿਹਾ ਕਿ ਵਿਦੇਸ਼ ਮੰਤਰੀਆਂ ਦੀ ਆਗਾਮੀ ਓਆਈਸੀ ਬੈਠਕ ’ਚ ਚੀਨੀ ਸਰਕਾਰ ਦੇ ਇਕ ਪ੍ਰਤੀਨਿਧੀ ਦੀ ਮੌਜੂਦਗੀ ਮੁਸਲਿਮ ਬਹੁਗਿਣਤੀ ਸਰਕਾਰਾਂ ਦਰਿਮਆਨ ਚੀਨ ਦੇ ਜ਼ਬਰਦਸਤ ਪ੍ਰਭਾਵ ਨੂੰ ਦਰਸ਼ਾਉਂਦੀ ਹੈ। ਜੇਕਰ ਓਆਈਸੀ ਮੁਸਲਿਮ ਦੁਨੀਆ ਦੀ ਭਰੋਸੇਮੰਦ ਆਵਾਜ਼ ਬਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਪੂਰਬੀ ਤੁਰਕਿਸਤਾਨ ’ਚ ਲੱਖਾਂ ਉਈਗਰ ਤੇ ਹੋਰ ਤੁਰਕ ਮੁਸਲਮਾਨਾਂ ਦੇ ਦਰਦ ਤੋਂ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦਾ।
ਵਰਲਡ ਉਈਗਰ ਕਾਂਗਰਸ ਨੇ ਓਆਈਸੀ ਤੋਂ ਚੀਨ ਸਰਕਾਰ ਦੇ ਜ਼ਬਰਦਸਤ ਪ੍ਰਭਾਵ ਨੂੰ ਅਸਵੀਕਾਰ ਕਰਨ ਦੀ ਅਪੀਲ ਕੀਤੀ ਹੈ ਤੇ ਉਈਗਰ ਨਸਲਕੁਸ਼ੀ ’ਤੇ ਓਆਈਸੀ ਨੂੰ ਚੁੱਪੀ ਤੋੜਨ ਦੀ ਅਪੀਲ ਕੀਤੀ। ਵਰਲਡ ਉਈਗਰ ਕਾਂਗਰਸ ਨੇ ਕਿਹਾ ਕਿ ਓਆਈਸੀ ਦੀ ਬੈਠਕ ’ਚ ਵਾਂਗ ਦੀ ਮੌਜੂਦਗੀ ਨੂੰ ਉਈਗਰਾਂ ’ਤੇ ਚੀਨੀ ਅਤਿਆਚਾਰਾਂ ਦਾ ਮੌਨ ਸਮਰਥਨ ਸਮਝਿਆ ਜਾਵੇਗਾ। ਡਬਲਿਊ ਯੂ ਸੀ ਨੇ ਕੌਮਾਂਤਰੀ ਸੰਗਠਨਾਂ ਤੇ ਦੁਨੀਆ ਦੀਆਂ ਸਰਕਾਰਾਂ ਤੋਂ ਚੀਨ ਵਲੋਂ ਉਈਗਰਾਂ ਦੇ ਮਨੁੱਖੀ ਹੱਕਾਂ ਵਿਰੁਧ ਸਖ਼ਤ ਰੁਖ਼ ਅਪਣਾਉਣ ਦੀ ਅਪੀਲ ਕੀਤੀ ਹੈ।
ਵਰਲਡ ਉਈਗਰ ਕਾਂਗਰਸ ਨੇ ਕਿਹਾ ਕਿ ਇਸ ਬੈਠਕ ਦਾ ਏਜੰਡਾ ਇਸਲਾਮੋਫ਼ੋਬੀਆ ਹੈ ਪਰ ਹੈਰਾਨ ਕਰਨ ਵਾਲੀ ਗੱਲ ਹੈ ਕਿ ਓਆਈਸੀ ਦੀ ਵੈੱਬਸਾਈਟ ’ਤੇ ਉਈਗਰ ਮੁਸਲਿਮਾਂ ’ਤੇ ਜਾਰੀ ਚੀਨੀ ਤਸ਼ੱਦਦ ਦਾ ਕੋਈ ਜ਼ਿਕਰ ਨਹੀਂ ਹੈ। ਪੂਰਬੀ ਤੁਰਕਿਸਤਾਨ ’ਚ ਹਜ਼ਾਰਾਂ ਮਸਜਿਦਾਂ, ਮੰਦਰਾਂ, ਕਬਰਿਸਤਨਾਂ ਤੇ ਧਾਰਮਕ ਮਹੱਤਵ ਦੇ ਹੋਰ ਸਥਾਨਾਂ ਨੂੰ ਨੁਕਸਾਨ ਜਾਂ ਨਸ਼ਟ ਕਰ ਦਿਤਾ ਗਿਆ ਹੈ। ਓਆਈਸੀ ਨੇ ਲਗਾਤਾਰ ਉਈਗਰ ਮਸਲਿਆਂ ਤੋਂ ਦੂਰੀ ਬਣਾਈ ਹੋਈ ਹੈ। (ਏਜੰਸੀ)