
15 ਲੋਕਾਂ ਨੇ ਭੱਜ ਕੇ ਬਚਾਈ ਜਾਨ, ਘਟਨਾ CCTV ’ਚ ਕੈਦ
ਖੰਨਾ : ਖੰਨਾ ਵਿਖੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਉਸ ਸਮੇਂ ਚੀਕ-ਚਿਹਾੜਾ ਪੈ ਗਿਆ, ਜਦੋਂ ਇਕ ਬੇਕਾਬੂ ਹੋਇਆ ਟਰੱਕ ਸਿੱਧਾ ਢਾਬੇ ਅੰਦਰ ਜਾ ਵੜਿਆ। ਇਸ ਦੌਰਾਨ ਢਾਬੇ 'ਤੇ ਕੰਮ ਕਰਦੇ ਇਕ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਸਰਵਿਸ ਲੇਨ ਉੱਪਰ ਇਕ ਤੇਜ਼ ਰਫ਼ਤਾਰ ਟਰੱਕ ਆ ਰਿਹਾ ਸੀ।
ਇਸੇ ਦੌਰਾਨ ਨੈਸ਼ਨਲ ਹਾਈਵੇਅ ਤੋਂ ਇਕ ਕਾਰ ਸਰਵਿਸ ਰੋਡ 'ਤੇ ਆ ਗਈ। ਕਾਰ ਨੂੰ ਦੇਖਦੇ ਹੀ ਟਰੱਕ ਦੇ ਡਰਾਈਵਰ ਨੇ ਆਪਣੇ ਟਰੱਕ ਨੂੰ ਇਕਦਮ ਮੋੜ ਲਿਆ। ਇਸ ਕਾਰਨ ਟਰੱਕ ਬੇਕਾਬੂ ਹੋ ਕੇ ਸਿੱਧਾ ਢਾਬੇ ਅੰਦਰ ਜਾ ਵੜਿਆ।
ਇਸ ਭਿਆਨਕ ਹਾਦਸੇ ਦੌਰਾਨ ਢਾਬੇ 'ਤੇ ਕੰਮ ਕਰਦੇ ਇਕ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 10-15 ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਸਾਰੀ ਘਟਨਾ ਸੀ. ਸੀ. ਟੀ. ਵੀ. ਫੁਟੇਜ 'ਚ ਕੈਦ ਹੋ ਗਈ। ਲੋਕਾਂ ਨੇ ਦੋਸ਼ ਲਾਇਆ ਕਿ ਟਰੱਕ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ। ਫਿਲਹਾਲ ਲੋਕਾਂ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।