
ਪਿਤਾ ਬਲਕੌਰ ਸਿੰਘ ਨੇ ਸਰਕਾਰ ਨੂੰ ਦਸਤਾਵੇਜ਼ ਸੌਂਪੇ
Sidhu Moosewala's Brother: ਮਾਨਸਾ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਅਤੇ ਉਨ੍ਹਾਂ ਦੇ ਨਵਜੰਮੇ ਬੱਚੇ ਨੂੰ ਸ਼ਨੀਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਤੋਂ ਬਾਅਦ ਚਰਨ ਕੌਰ ਅਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਨਵਜੰਮੇ ਬੱਚੇ ਨੂੰ ਹਵੇਲੀ ਵਿਚ ਦਾਖਲ ਕਰਵਾਇਆ। ਹਵੇਲੀ ਜਾਣ ਤੋਂ ਪਹਿਲਾਂ ਪਰਿਵਾਰ ਨੇ ਦਮਦਮਾ ਸਾਹਿਬ ਵਿਖੇ ਵੀ ਮੱਥਾ ਟੇਕਿਆ।
ਛੋਟੇ ਸਿੱਧੂ ਦਾ ਹਵੇਲੀ ਵਿਚ ਧੂਮ-ਧਾਮ ਨਾਲ ਸੁਆਗਤ ਕੀਤਾ ਗਿਆ। ਹਵੇਲੀ ਦੇ ਦਰਵਾਜ਼ੇ ਵਿਚ ਨਿੰਮ ਵੀ ਬੰਨੀ ਗਈ ਹੈ ਤੇ ਹਵੇਲੀ ਵਿਚ ਅੱਜ ਵਿਆਹ ਵਰਗਾ ਮਾਹੌਲ ਹੈ। ਇਸ ਦੌਰਾਨ ਬਲਕੌਰ ਸਿੰਘ ਨੇ ਨਵਜੰਮੇ ਬੱਚੇ ਨਾਲ ਸਬੰਧਤ ਸਾਰੇ ਦਸਤਾਵੇਜ਼ ਸੂਬਾ ਸਰਕਾਰ ਨੂੰ ਸੌਂਪ ਦਿੱਤੇ ਹਨ। ਬਲਕੌਰ ਸਿੰਘ ਅਨੁਸਾਰ ਉਹਨਾਂ ਨੂੰ ਕੁਝ ਦਿਨ ਪਹਿਲਾਂ ਹੀ ਸਰਕਾਰੀ ਨੋਟਿਸ ਮਿਲਿਆ ਸੀ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਵਿਦੇਸ਼ ਵਿਚ ਆਈ.ਵੀ.ਐਫ. ਰਾਂਹੀ ਸਿਰਫ਼ ਟ੍ਰੀਟਮੈਂਟ ਕਰਵਾਇਆ ਗਿਆ ਹੈ। ਬੱਚੇ ਦਾ ਜਨਮ ਪੰਜਾਬ ਵਿੱਚ ਹੀ ਹੋਇਆ ਸੀ। ਆਈ.ਵੀ.ਐਫ ਰਾਹੀਂ ਗਰਭਵਤੀ ਹੋਣ ਉਪਰੰਤ ਸਰਕਾਰੀ ਹਸਪਤਾਲ ਤੋਂ ਲੋੜੀਂਦਾ ਇਲਾਜ ਵੀ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਹੋਰ ਜਾਣਕਾਰੀ ਮੰਗੇਗੀ ਤਾਂ ਉਹ ਵੀ ਮੁਹੱਈਆ ਕਰਵਾਏਗੀ। ਜ਼ਿਕਰਯੋਗ ਹੈ ਕਿ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ 17 ਮਾਰਚ ਨੂੰ ਬੱਚੇ ਨੂੰ ਜਨਮ ਦਿੱਤਾ ਸੀ ਤੇ ਉਸ ਦਾ ਨਾਮ ਵੀ ਸ਼ੁੱਭਦੀਪ ਸਿੰਘ ਰੱਖਿਆ ਗਿਆ ਸੀ ਤੇ ਅੱਜ ਹਫ਼ਤੇ ਬਾਅਦ ਛੋਟੇ ਸਿੱਧੂ ਦੀ ਘਰ ਵਾਪਸੀ ਹੋਈ ਹੈ।