ਦਹਾਕਿਆਂ ਤੋਂ ਅਣਗੌਲੇ ਦੋਆਬਾ ਖੇਤਰ ਨੂੰ ਮੁੱਖ ਮੰਤਰੀ ਦੇ ਯਤਨਾਂ ਸਦਕਾ 36 ਮਹੀਨਿਆਂ ਵਿੱਚ ਤੀਜਾ ਮੈਡੀਕਲ ਕਾਲਜ ਮਿਲਿਆ
Published : Mar 23, 2025, 4:51 pm IST
Updated : Mar 23, 2025, 4:51 pm IST
SHARE ARTICLE
Doaba region, neglected for decades, gets third medical college in 36 months thanks to CM's efforts
Doaba region, neglected for decades, gets third medical college in 36 months thanks to CM's efforts

ਕਪੂਰਥਲਾ ਅਤੇ ਹੁਸ਼ਿਆਰਪੁਰ ਤੋਂ ਬਾਅਦ ਦੋਆਬੇ ਵਿੱਚ ਬਣੇਗਾ ਤੀਜਾ ਮੈਡੀਕਲ ਕਾਲਜ

 ਸ਼ਹੀਦ ਭਗਤ ਸਿੰਘ ਨਗਰ: ਕਈ ਦਹਾਕਿਆਂ ਤੋਂ ਅਣਗੌਲੇ ਰਹੇ ਸੂਬੇ ਦੇ ਦੋਆਬਾ ਖੇਤਰ ਨੂੰ 36 ਮਹੀਨਿਆਂ ਦੇ ਅੰਦਰ ਉਦੋਂ ਆਪਣਾ ਤੀਜਾ ਮੈਡੀਕਲ ਕਾਲਜ ਮਿਲ ਗਿਆ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਗਪਗ 300 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ।

ਇਹ ਦੋਆਬਾ ਖੇਤਰ ਵਿੱਚ ਤੀਜਾ ਮੈਡੀਕਲ ਕਾਲਜ ਹੈ ਕਿਉਂਕਿ ਮੁੱਖ ਮੰਤਰੀ ਨੇ ਪਹਿਲਾਂ ਹੁਸ਼ਿਆਰਪੁਰ ਅਤੇ ਕਪੂਰਥਲਾ ਵਿਖੇ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਿਆ ਸੀ। ਮੁੱਖ ਮੰਤਰੀ ਦੀ ਦੂਰਦਰਸ਼ੀ ਪਹੁੰਚ ਕਾਰਨ ਦੋਆਬਾ ਖੇਤਰ ਦੇ ਚਾਰ ਜ਼ਿਲ੍ਹਿਆਂ ਵਿੱਚੋਂ ਤਿੰਨ ਭਾਵ ਹੁਸ਼ਿਆਰਪੁਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਹੁਣ ਸਰਕਾਰੀ ਮੈਡੀਕਲ ਕਾਲਜ ਹੋਣਗੇ। ਨਵਾਂ ਸਰਕਾਰੀ ਮੈਡੀਕਲ ਕਾਲਜ ਸਿਵਲ ਹਸਪਤਾਲ ਨਾਲ ਜੁੜੇਗਾ। ਇਸ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਰੱਖਿਆ ਗਿਆ ਅਤੇ ਇਹ ਸੰਸਥਾ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਨੂੰ ਸੱਚੀ ਸ਼ਰਧਾਂਜਲੀ ਹੈ।

ਇਸ ਕਾਲਜ ਵਿੱਚ ਐਮ.ਬੀ.ਬੀ.ਐਸ. ਦੀਆਂ 50 ਸੀਟਾਂ ਹੋਣਗੀਆਂ, ਜਿਸ ਨਾਲ ਮੈਡੀਕਲ ਸਿੱਖਿਆ ਇਸ ਖੇਤਰ ਦੇ ਵਿਦਿਆਰਥੀਆਂ ਦੀ ਪਹੁੰਚ ਵਿੱਚ ਹੋਵੇਗੀ। ਜ਼ਿਲ੍ਹਾ ਸਿਵਲ ਹਸਪਤਾਲ, ਐਸ.ਬੀ.ਐਸ. ਨਗਰ ਮੌਜੂਦਾ ਸਮੇਂ ਵਿੱਚ ਸੈਕੰਡਰੀ ਪੱਧਰ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ ਪਰ ਵਿਸ਼ੇਸ਼ ਡਾਕਟਰੀ ਸਹੂਲਤਾਂ ਦੀ ਘਾਟ ਹੈ। ਮੈਡੀਕਲ ਕਾਲਜ ਦੀ ਸਥਾਪਨਾ ਨਾਲ ਮਾਹਰ ਅਤੇ ਸੁਪਰ-ਸਪੈਸ਼ਲਿਸਟ ਡਾਕਟਰ 24 ਘੰਟੇ ਉਪਲਬਧ ਹੋਣਗੇ।

ਮੈਡੀਸਨ, ਸਰਜਰੀ, ਬਾਲ ਰੋਗ, ਆਰਥੋਪੈਡਿਕਸ, ਗਾਇਨਾਕੋਲੋਜੀ ਅਤੇ ਐਮਰਜੈਂਸੀ ਦੇਖਭਾਲ ਵਿੱਚ ਨਵੇਂ ਵਿਭਾਗਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸੇ ਤਰ੍ਹਾਂ ਆਈ.ਸੀ.ਯੂ., ਟਰੌਮਾ ਸੈਂਟਰ ਅਤੇ ਡਾਇਗਨੌਸਟਿਕ ਲੈਬਾਂ ਨੂੰ ਵਧੇਰੇ ਗੰਭੀਰ ਮਰੀਜ਼ਾਂ ਨੂੰ ਸੰਭਾਲਣ ਲਈ ਅਪਗ੍ਰੇਡ ਕੀਤਾ ਜਾਵੇਗਾ। ਮਰੀਜ਼ਾਂ ਦੀ ਦੇਖਭਾਲ ਨੂੰ ਬਿਹਤਰ ਬਣਾਉਣ ਲਈ ਆਧੁਨਿਕ ਡਾਕਟਰੀ ਉਪਕਰਨ ਅਤੇ ਤਕਨਾਲੋਜੀ ਪੇਸ਼ ਕੀਤੀ ਜਾਵੇਗੀ।

ਇਸ ਹਸਪਤਾਲ ਨੂੰ ਅਤਿ-ਆਧੁਨਿਕ ਅਧਿਆਪਨ ਤੇ ਸਿਹਤ ਸੰਭਾਲ ਸੰਸਥਾ ਵਿੱਚ ਬਦਲਿਆ ਜਾਵੇਗਾ, ਜਿਸ ਨਾਲ ਮਰੀਜ਼ਾਂ ਅਤੇ ਮੈਡੀਕਲ ਵਿਦਿਆਰਥੀਆਂ ਦੋਵਾਂ ਨੂੰ ਲਾਭ ਹੋਵੇਗਾ। ਸ਼ਹੀਦ ਭਗਤ ਸਿੰਘ ਨਗਰ ਇੱਕ ਦੂਰ-ਦੁਰਾਡੇ ਵਾਲਾ ਜ਼ਿਲ੍ਹਾ ਹੈ, ਜਿੱਥੇ ਟਰਸ਼ਰੀ ਸਿਹਤ ਸੰਭਾਲ ਸਹੂਲਤਾਂ ਤੱਕ ਪਹੁੰਚ ਬਹੁਤ ਸੀਮਤ ਹੈ ਪਰ ਪਿਛਲੀਆਂ ਸਰਕਾਰਾਂ ਨੇ ਇਸ ਖੇਤਰ ਨੂੰ ਬਿਲਕੁੱਲ ਹੀ ਅਣਗੌਲਿਆ ਕੀਤਾ ਹੈ, ਜਿਸ ਕਾਰਨ ਮਰੀਜ਼ਾਂ ਨੂੰ ਇਲਾਜ ਲਈ ਲੁਧਿਆਣਾ, ਜਲੰਧਰ ਜਾਂ ਚੰਡੀਗੜ੍ਹ ਜਾਣਾ ਪੈਂਦਾ ਸੀ। ਇਹ ਮੈਡੀਕਲ ਕਾਲਜ ਸਥਾਨਕ ਤੌਰ 'ਤੇ ਆਧੁਨਿਕ ਦੇਖਭਾਲ ਸੇਵਾਵਾਂ ਦੀ ਪੇਸ਼ਕਸ਼ ਕਰ ਕੇ ਰੈਫਰਲ ਹਸਪਤਾਲਾਂ 'ਤੇ ਮਰੀਜ਼ਾਂ ਦੇ ਬੋਝ ਨੂੰ ਘਟਾਏਗਾ ਅਤੇ ਭਵਿੱਖ ਦੇ ਡਾਕਟਰਾਂ ਨੂੰ ਪੇਂਡੂ ਮਾਹੌਲ ਵਿੱਚ ਸਿਖਲਾਈ ਦੇਵੇਗਾ, ਜਿਸ ਨਾਲ ਉਨ੍ਹਾਂ ਨੂੰ ਸਥਾਨਕ ਲੋਕਾਂ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।

ਇਸ ਕਾਲਜ ਨਾਲ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਕਿਫਾਇਤੀ ਅਤੇ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾਵੇਗਾ। ਇਸੇ ਤਰ੍ਹਾਂ ਇਹ ਕਾਲਜ ਮੈਡੀਕਲ ਸਿੱਖਿਆ ਦਾ ਵੀ ਵਿਸਥਾਰ ਕਰੇਗਾ ਕਿਉਂਕਿ ਸਥਾਨਕ ਵਿਦਿਆਰਥੀਆਂ ਨੂੰ ਹੁਣ ਮੈਡੀਕਲ ਪੜ੍ਹਾਈ ਲਈ ਆਪਣਾ ਜ਼ਿਲ੍ਹਾ ਨਹੀਂ ਛੱਡਣਾ ਪਵੇਗਾ। ਇਹ ਮੈਡੀਕਲ ਕਾਲਜ ਭਵਿੱਖ ਵਿੱਚ ਕਾਰਡੀਓਲੋਜੀ, ਨੈਫਰੋਲੋਜੀ, ਨਿਊਰੋਲੋਜੀ ਅਤੇ ਓਨਕੋਲੋਜੀ ਵਰਗੀਆਂ ਸੇਵਾਵਾਂ ਮੁਹੱਈਆ ਕਰਨ ਦੇ ਨਾਲ ਵਿਸ਼ੇਸ਼ ਸਿਹਤ ਸੰਭਾਲ ਸੇਵਾਵਾਂ ਲਈ ਪ੍ਰੇਰਕ ਵਜੋਂ ਕੰਮ ਕਰੇਗਾ।

ਇਸ ਮੈਡੀਕਲ ਕਾਲਜ ਨਾਲ ਡਾਕਟਰਾਂ, ਨਰਸਾਂ, ਟੈਕਨੀਸ਼ੀਅਨਾਂ ਅਤੇ ਨਾਨ-ਮੈਡੀਕਲ ਸਟਾਫ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਹ ਅਰਥਚਾਰੇ ਨੂੰ ਵੀ ਹੁਲਾਰਾ ਦੇਵੇਗਾ ਕਿਉਂਕਿ ਵਿਦਿਆਰਥੀ ਅਤੇ ਫੈਕਲਟੀ ਦੀ ਮੌਜੂਦਗੀ ਵਧਣ ਨਾਲ ਸਥਾਨਕ ਕਾਰੋਬਾਰਾਂ ਅਤੇ ਬੁਨਿਆਦੀ ਢਾਂਚੇ ਨੂੰ ਵੀ ਹੁਲਾਰਾ ਮਿਲੇਗਾ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਛੇ ਨਵੇਂ ਮੈਡੀਕਲ ਕਾਲਜਾਂ ਨਾਲ ਪੰਜਾਬ ਵਿੱਚ ਸਿਹਤ ਸੰਭਾਲ ਅਤੇ ਮੈਡੀਕਲ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।

ਇਸ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਅਤੇ ਕਾਰਜਸ਼ੀਲ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਸੰਸਥਾ ਨੂੰ ਜਲਦ ਤੋਂ ਜਲਦ ਪੂਰੀ ਤਰ੍ਹਾਂ ਕਾਰਜਸ਼ੀਲ ਬਣਾਉਣ ਲਈ ਫੈਕਲਟੀ ਅਤੇ ਸਟਾਫ ਦੀ ਭਰਤੀ ਨੂੰ ਤਰਜੀਹ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਇਸ ਦੀ ਸਮੇਂ ਸਿਰ ਉਸਾਰੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਐਸ.ਬੀ.ਐਸ. ਨਗਰ ਨੂੰ ਉੱਤਰੀ ਪੰਜਾਬ ਦਾ ਸਿਹਤ ਸੰਭਾਲ ਕੇਂਦਰ ਬਣਾਉਣ ਲਈ ਡਾਕਟਰੀ ਸੇਵਾਵਾਂ ਦੇ ਵਿਸਥਾਰ ਅਤੇ ਹੋਰ ਅਪਗ੍ਰੇਡੇਸ਼ਨ ਲਈ ਵਾਧੂ ਫੰਡ ਯਕੀਨੀ ਬਣਾਏ ਜਾਣਗੇ।

ਇਹ ਮੈਡੀਕਲ ਕਾਲਜ ਸਿਰਫ਼ ਇੱਕ ਪ੍ਰੋਜੈਕਟ ਨਹੀਂ ਹੈ, ਸਗੋਂ ਸ਼ਹੀਦ ਭਗਤ ਸਿੰਘ ਨਗਰ ਦੇ ਲੋਕਾਂ ਨਾਲ ਕੀਤਾ ਇੱਕ ਵਾਅਦਾ ਵੀ ਹੈ। ਇਹ ਕਾਲਜ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ ਅਤੇ ਖੇਤਰ ਦੀ ਚਿਰਕੋਣੀ ਮੰਗ ਨੂੰ ਪੂਰਾ ਕਰੇਗਾ। ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਬਣਿਆ ਇਹ ਕਾਲਜ ਡਾਕਟਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੂਰੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ। ਇਹ ਪੰਜਾਬ ਦੀ ਸਿਹਤ ਸੰਭਾਲ ਪ੍ਰਣਾਲੀ ਵਿਚ ਸਕਰਾਤਮਕ ਬਦਲਾਅ ਲਿਆਉਣ ਅਤੇ ਸਾਰਿਆਂ ਲਈ ਮਿਆਰੀ ਡਾਕਟਰੀ ਸਿੱਖਿਆ ਅਤੇ ਇਲਾਜ ਯਕੀਨੀ ਬਣਾਉਣ ਪ੍ਰਤੀ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement