
ਕਿਹਾ, ਮੇਰੇ ਨਾਲ ਇਨ੍ਹਾਂ ਨੂੰ ਕੁਪਵਾੜਾ ਭੇਜੋ ਫਿਰ ਦਸਾਂਗੇ ਕਿ ਐਨਕਾਊਂਟਰ ਕੀ ਹੁੰਦੈ
ਪੁਲਿਸ ਮੁਲਾਜ਼ਮਾਂ ਵਲੋਂ ਕਰਨਲ ਬਾਠ ਦੀ ਕੁੱਟਮਾਰ ਦਾ ਮਾਮਲਾ ਗਰਮਾਇਆ ਹੋਇਆ ਹੈ। ਦਸ ਦਈਏ ਕਿ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਸਮਰਥਨ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਪਟਿਆਲਾ ਦੇ ਬਾਹਰ ਵੱਡੀ ਗਿਣਤੀ ਵਿਚ ਸਾਬਕਾ ਫ਼ੌਜੀ ਤੇ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਵਿਚ ਕਿਸਾਨ ਯੂਨੀਅਨ ਦੇ ਆਗੂ ਅਤੇ ਹੋਰ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਰੋਸ ਪ੍ਰਦਰਸ਼ਨ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਸ਼ਮੂਲੀਅਤ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਵਲੋਂ ਇਸ ਕੇਸ ਵਿਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਬੀਤੇ ਦਿਨ ਧਰਨੇ ਵਿਚ ਵਿਸ਼ੇਸ਼ ਤੌਰ ’ਤੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੀ ਨੇ ਵੀ ਹਾਜ਼ਰੀ ਭਰੀ ਸੀ।
ਕਰਨਲ ਦੇ ਕੁੱਟਮਾਰ ਮਾਮਲੇ ’ਤੇ ਬੋਲਦਿਆਂ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਕਿਹਾ ਸੀ ਕਿ ਇਹ ਕੋਈ ਰਾਜਨੀਤਕ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਸੀ ਕਿ ਮੈਂ ਤੁਹਾਨੂੰ ਇਕ ਗੱਲ ਦੱਸਣਾ ਚਾਹੁੰਦੀ ਹਾਂ, ਮੈਂ ਪੰਜਾਬ ਲਈ ਲੜਾਂਗੀ ਅਤੇ ਸਾਰਿਆਂ ਲਈ ਇਨਸਾਫ਼ ਲਵਾਂਗੀ। ਮੈਨੂੰ ਕੋਈ ਰਾਜਨੀਤਕ ਪਾਰਟੀ ਜਾਂ ਸੰਗਠਨ ਬਣਾਉਣ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਸੀ ਕਿ ਐਫ਼.ਆਈ.ਆਰ. ਦਰਜ ਕੀਤੀ ਗਈ ਹੈ ਪਰ ਮੈਨੂੰ ਮੁਅੱਤਲੀ ਦੇ ਹੁਕਮ ਬਾਰੇ ਕੁਝ ਨਹੀਂ ਪਤਾ। ਧਰਨੇ ਦੌਰਾਨ ਇਕ ਬਾਰਡਰ ਤੋਂ ਆਏ ਫ਼ੌਜੀ ਵਨੀਤ ਗਰਗ ਨੇ ਕਿਹਾ ਕਿ ਮੈਂ ਜ਼ਿਲ੍ਹਾ ਪਟਿਆਲਾ ਸਿਟੀ ਸਮਾਣਾ ਤੋਂ ਆਇਆ ਹਾਂ। ਮੈਂ ਐਸਐਸਪੀ ਨਾਰੰਗ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਮੁਲਜ਼ਮ ਪੁਲਿਸ ਅਧਿਕਾਰੀਆਂ ਨੂੰ ਤੁਰਤ ਡਿਸਮਿਸ ਕੀਤਾ ਜਾਵੇ। ਪਰ ਮੈਨੂੰ ਉਮੀਦ ਨਹੀਂ ਹੈ ਕਿ ਐਸਐਸਪੀ ਇਨ੍ਹਾਂ ਵਿਰੁਧ ਕੋਈ ਐਕਸ਼ਨ ਲੈਣਗੇ।
ਸਾਡਾ ਕੇਸ ਸੀਬੀਆਈ ਨੂੰ ਦਿਤਾ ਜਾਵੇ। ਉਨ੍ਹਾਂ ਪੰਜਾਬ ਪੁਲਿਸ ਨੂੰ ਲੰਮੇਂ ਹੱਥੀ ਲੈਂਦੇ ਹੋਏ ਕਿਹਾ ਕਿ ਇਹ ਮੇਰੇ ਨਾਲ ਜੰਮੂ ਕਸ਼ਮੀਰ ਦੇ ਕੁਪਵਾੜਾ ਚੱਲਣ ਉਥੇ ਇਨ੍ਹਾਂ ਨੂੰ ਪਤਾ ਚੱਲੇਗਾ ਕਿ ਐਨਕਾਉਂਟਰ ਹੁੰਦਾ ਕੀ ਹੈ, ਜੇ ਪੰਜਾਬ ਪੁਲਿਸ ਉਥੇ ਆਪਣਾ ਸਿਰ ਵੀ ਚੁੱਕ ਲਵੇ ਤਾਂ ਮੇਰੇ ਮੂੰਹ ’ਤੇ ਥੁੱਕ ਦੇਣਾ। ਮੈਂ ਪੰਜਾਬ ਪੁਲਿਸ ਨੂੰ ਖੁੱਲ੍ਹਾ ਚੈਲੇਂਜ ਕਰਦਾ ਹਾਂ। ਅਤਿਵਾਦ ਸਮੇਂ ਪੰਜਾਬ ਪੁਲਿਸ ਨੇ ਪੰਜਾਬ ਦੇ ਬੇਕਸੂਰ ਨੌਜਵਾਨ ਚੁੱਕੇ ਸਨ ਤੇ ਬਹੁਤ ਜ਼ਿਆਦਾ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ ਸੀ।
ਉਸ ਸੰਤਾਪ ਪੰਜਾਬ ਦੀ ਜਨਤਾ ਅੱਜ ਤਕ ਹੰਢਾ ਰਹੀ ਹੈ। ਜਦੋਂ ਇਥੇ ਇਕ ਕਰਨਲ ਦੀ ਸੁਣਵਾਈ ਨਹੀਂ ਹੈ ਤਾਂ ਫਿਰ ਇਥੇ ਆਮ ਜਨਤਾ ਦੀ ਕਿਥੇ ਸੁਣਵਾਈ ਹੋਵੇਗੀ।