
ਜੱਗੂ ਭਗਵਾਨਪੁਰੀਆ ’ਤੇ ਕਰੀਬ 128 ਮਾਮਲੇ ਦਰਜ
ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਪੰਜਾਬ ਦੇ ਬਦਨਾਮ ਗੈਂਗਸਟਰ ਅਤੇ ਨਸ਼ਾ ਤਸਕਰ ਜੱਗੂ ਭਗਵਾਨਪੁਰੀਆ ਵਿਰੁਧ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਦੇ ਦੋਸ਼ੀ ਅਤੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਸਟਰਮਾਈਂਡ ਭਗਵਾਨਪੁਰੀਆ ਨੂੰ ਪੀਆਈਟੀ-ਐਨਡੀਪੀਐਸ ਐਕਟ (1988) ਦੇ ਤਹਿਤ ਘੱਟੋ-ਘੱਟ ਇੱਕ ਸਾਲ ਲਈ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ। ਸ਼ਨੀਵਾਰ ਸ਼ਾਮ ਨੂੰ, ਉਸ ਨੂੰ ਸਖ਼ਤ ਸੁਰੱਖਿਆ ਵਿਚਕਾਰ ਬਠਿੰਡਾ ਦੀ ਉੱਚ-ਸੁਰੱਖਿਆ ਜੇਲ੍ਹ ਤੋਂ ਅਸਾਮ ਦੀ ਸਿਲਚਰ ਜੇਲ੍ਹ ਵਿਚ ਤਬਦੀਲ ਕਰ ਦਿਤਾ ਗਿਆ।
ਗੁਰਦਾਸਪੁਰ ਦੇ ਭਗਵਾਨਪੁਰ ਪਿੰਡ ਦਾ ਰਹਿਣ ਵਾਲਾ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਲੰਬੇ ਸਮੇਂ ਤੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਬਰੀ ਵਸੂਲੀ ਅਤੇ ਹਿੰਸਕ ਘਟਨਾਵਾਂ ਵਿੱਚ ਸ਼ਾਮਲ ਹੈ। ਉਹ 128 ਅਪਰਾਧਿਕ ਮਾਮਲਿਆਂ ਵਿਚ ਦੋਸ਼ੀ ਹੈ, ਜਿਨ੍ਹਾਂ ਵਿੱਚੋਂ 12 ਮਾਮਲੇ NDPS ਐਕਟ ਅਧੀਨ ਦਰਜ ਹਨ। ਜੇਲ੍ਹ ਵਿੱਚ ਰਹਿੰਦਿਆਂ ਵੀ, ਉਹ ਆਪਣੇ ਗਿਰੋਹ ਨੂੰ ਚਲਾਉਂਦਾ ਰਿਹਾ ਅਤੇ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਅਤੇ ਕਤਲ ਦੀਆਂ ਸਾਜ਼ਿਸ਼ਾਂ ਨੂੰ ਅੰਜਾਮ ਦਿੰਦਾ ਰਿਹਾ।
ਸੂਤਰਾਂ ਅਨੁਸਾਰ, ਐਨਸੀਬੀ ਨੂੰ ਭਗਵਾਨਪੁਰੀਆ ਦੀ ਜੇਲ੍ਹ ਤੋਂ ਸਿੰਡੀਕੇਟ ਦੇ ਕੰਮ ਕਰਨ ਦੇ ਪੁਖਤਾ ਸਬੂਤ ਮਿਲੇ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਉਸਨੇ ਆਪਣੇ ਗਿਰੋਹ ਨੂੰ ਤਸਕਰੀ ਕੀਤੇ ਮੋਬਾਈਲ ਫੋਨਾਂ ਅਤੇ ਏਨਕ੍ਰਿਪਟਡ ਮੈਸੇਜਿੰਗ ਐਪਸ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਬਰੀ ਵਸੂਲੀ, ਹਥਿਆਰਾਂ ਦੀ ਸਪਲਾਈ ਅਤੇ ਕਤਲਾਂ ਦੀ ਯੋਜਨਾ ਬਣਾਉਣ ਦੇ ਆਦੇਸ਼ ਦਿੱਤੇ ਸਨ। ਭਗਵਾਨਪੁਰੀਆ ਦਾ ਨੈੱਟਵਰਕ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਹੈਰੋਇਨ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਕਰਦਾ ਸੀ।
ਐਨਸੀਬੀ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਹ ਕੈਨੇਡਾ ਅਤੇ ਅਮਰੀਕਾ ਵਿਚ ਡਰੱਗ ਮਾਫੀਆ ਨਾਲ ਸਿੱਧੇ ਸੰਪਰਕ ਵਿਚ ਸੀ। ਉਸ ਨੇ ਆਪਣੇ ਗੁੰਡਿਆਂ ਨੂੰ ਨਵੇਂ ਤਸਕਰੀ ਰੂਟਾਂ ਬਾਰੇ ਜਾਣਕਾਰੀ ਦੇਣ ਲਈ ਮੋਬਾਈਲ ਫ਼ੋਨ ਅਤੇ ਡਿਜੀਟਲ ਤਰੀਕਿਆਂ ਦੀ ਵਰਤੋਂ ਕੀਤੀ। ਭਗਵਾਨਪੁਰੀਆ ਵਲੋਂ ਜੇਲ੍ਹ ਵਿਚ ਅਪਰਾਧ ਕਰਨ ਦੀਆਂ ਰਿਪੋਰਟਾਂ ਨੇ ਸੁਰਖਿਆ ਏਜੰਸੀਆਂ ਨੂੰ ਸੁਚੇਤ ਕਰ ਦਿਤਾ। 21 ਮਾਰਚ, 2025 ਨੂੰ ਭਾਰਤ ਸਰਕਾਰ ਦੇ ਸੰਯੁਕਤ ਸਕੱਤਰ (ਪੀਆਈਟੀ-ਐਨਡੀਪੀਐਸ) ਦੁਆਰਾ ਜਾਰੀ ਕੀਤੇ ਗਏ ਆਦੇਸ਼ ਤੋਂ ਬਾਅਦ, ਐਨਸੀਬੀ ਨੇ ਉਸਨੂੰ ਪੰਜਾਬ ਤੋਂ ਦੂਰ ਅਸਾਮ ਦੀ ਸਿਲਚਰ ਜੇਲ੍ਹ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ।
ਸ਼ਨੀਵਾਰ ਸ਼ਾਮ ਨੂੰ ਐਨਸੀਬੀ ਅਤੇ ਪੰਜਾਬ ਪੁਲਿਸ ਦੀ ਇਕ ਵਿਸ਼ੇਸ਼ ਟੀਮ ਉਸ ਨੂੰ ਬਠਿੰਡਾ ਦੀ ਉੱਚ ਸੁਰੱਖਿਆ ਵਾਲੀ ਜੇਲ ਤੋਂ ਬਾਹਰ ਕੱਢ ਕੇ ਸਖ਼ਤ ਸੁਰੱਖਿਆ ਵਿਚਕਾਰ ਚੰਡੀਗੜ੍ਹ ਹਵਾਈ ਅੱਡੇ ’ਤੇ ਲੈ ਗਈ। ਇੱਥੋਂ ਉਸ ਨੂੰ ਤੁਰਤ ਉਡਾਣ ਰਾਹੀਂ ਸਿਲਚਰ ਭੇਜ ਦਿਤਾ ਗਿਆ। ਐਨਸੀਬੀ ਅਤੇ ਹੋਰ ਸੁਰੱਖਿਆ ਏਜੰਸੀਆਂ ਹੁਣ ਭਗਵਾਨਪੁਰੀਆ ਦੇ ਪੂਰੇ ਨੈੱਟਵਰਕ ਨੂੰ ਤਬਾਹ ਕਰਨ ਲਈ ਤਿਆਰ ਹੋ ਗਈਆਂ ਹਨ। ਸਾਰੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਜੇਲ ਤੋਂ ਉਸ ਦੀਆਂ ਚੱਲ ਰਹੀਆਂ ਗਤੀਵਿਧੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਸਰਹੱਦ ਪਾਰ ਤਸਕਰੀ ਨਾਲ ਸਬੰਧਤ ਨਵੇਂ ਲਿੰਕਾਂ ਦੀ ਜਾਂਚ ਕੀਤੀ ਜਾਵੇਗੀ।
photo