
ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਭਾਜਪਾ ਆਗੂ ਕਿਰਨ ਖੇਰ, ਗੁਰਦਾਸਪੁਰ ਤੋਂ ਸਨੀ ਦਿਓਲ ਅਤੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਨੂੰ ਚੋਣ ਮੈਦਾਨ 'ਚ ਉਤਾਰਿਆ
ਚੰਡੀਗੜ੍ਹ : ਲੋਕ ਸਭਾ ਚੋਣਾਂ ਲਈ ਅੱਜ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀਆਂ ਦੋ ਸੀਟਾਂ ਅਤੇ ਚੰਡੀਗੜ੍ਹ ਦੀ ਲੋਕ ਸਭਾ ਸੀਟ ਤੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਭਾਜਪਾ ਆਗੂ ਕਿਰਨ ਖੇਰ, ਗੁਰਦਾਸਪੁਰ ਤੋਂ ਸਨੀ ਦਿਓਲ ਅਤੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।
Kirron Kher
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਸੀਟ ਨੂੰ ਲੈ ਕੇ ਕਿਰਨ ਖੇਰ ਅਤੇ ਚੰਡੀਗੜ੍ਹ ਦੇ ਭਾਜਪਾ ਪ੍ਰਧਾਨ ਸੰਜੇ ਟੰਡਨ ਵਿਚਕਾਰ ਖਿਚੋਤਾਣ ਚੱਲ ਰਹੀ ਸੀ। ਉਧਰ ਨਵਜੋਤ ਕੌਰ ਸਿੱਧੂ ਨੇ ਵੀ ਇਥੇ ਦੀ ਟਿਕਟ ਹਾਸਲ ਕਰਨ ਲਈ ਕਾਫ਼ੀ ਜ਼ੋਰ ਲਗਾਇਆ ਪਰ ਉਹ ਨਾਕਾਮ ਰਹੇ। ਦੱਸ ਦੇਈਏ ਕਿ ਕਿਰਨ ਖੇਰ ਨੇ 2014 ਵਿਚ ਕਾਂਗਰਸ ਦੇ ਕੱਦਵਾਰ ਆਗੂ ਪਵਨ ਬਾਂਸਲ ਨੂੰ ਹਰਾ ਕੇ ਭਾਜਪਾ ਨੂੰ ਜਿੱਤ ਦਿਵਾਈ ਸੀ। ਕਿਰਨ ਖੇਰ ਨੂੰ 1,91,362 ਵੋਟਾਂ ਪਈਆਂ ਸਨ, ਜਦੋਂ ਕਿ ਦੂਜੇ ਨੰਬਰ ਉਤੇ ਰਹੇ ਕਾਂਗਰਸੀ ਉਮੀਦਵਾਰ ਪਾਵਨ ਬਾਂਸਲ ਨੂੰ 1,21,720 ਵੋਟਾਂ ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਲ ਪਨਾਗ ਨੂੰ 1,08,679 ਵੋਟਾਂ ਪਈਆਂ ਸਨ।
Som Parkash
ਉਧਰ ਹੁਸ਼ਿਆਰਪੁਰ 'ਚ ਕਾਂਗਰਸ, ਆਮ ਆਦਮੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। ਮੌਜੂਦਾ ਸੰਸਦ ਮੈਂਬਰ ਵਿਜੈ ਸਾਂਪਲਾ ਤੋਂ ਵਰਕਰਾਂ ਤੇ ਲੋਕਾਂ ਦਾ ਮੋਹ ਭੰਗ ਹੋਣ ਕਾਰਨ ਪਾਰਟੀ ਉਨ੍ਹਾਂ ਨੂੰ ਭੇਜਣ ਤੋਂ ਹਿਚਕਚਾ ਰਹੀ ਸੀ। ਇਸੇ ਕਾਰਨ ਉਨ੍ਹਾਂ ਦੇ ਬਦਲ ਵਜੋਂ ਸੋਮ ਪ੍ਰਕਾਸ਼ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। 2014 ਵਿੱਚ ਵਿਜੈ ਸਾਂਪਲਾ ਸਾਢੇ 13 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ ਜਦੋਂਕਿ 2009 ਵਿਚ ਸੰਤੋਸ਼ ਚੌਧਰੀ ਨੇ ਇਹ ਸੀਟ ਕੇਵਲ 306 ਵੋਟਾਂ ਦੇ ਅੰਤਰ ਨਾਲ ਜਿੱਤੀ ਸੀ।
Sunny Deol
ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਅੱਜ ਦੁਪਹਿਰ ਭਾਜਪਾ ਹਾਈਕਮਾਂਡ ਨੇ ਪਾਰਟੀ 'ਚ ਸ਼ਾਮਲ ਕੀਤਾ ਸੀ ਅਤੇ ਸ਼ਾਮ ਹੁੰਦੇ-ਹੁੰਦੇ ਗੁਰਦਾਸਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਤੋਂ ਮਰਹੂਮ ਬਾਲੀਵੁੱਡ ਅਦਾਕਾਰ ਵਿਨੋਦ ਖੰਨਾ ਭਾਜਪਾ ਦੇ ਐਮ.ਪੀ ਰਹਿ ਚੁੱਕੇ ਹਨ। ਕਾਂਗਰਸ ਦੇ ਸੁਨੀਲ ਜਾਖੜ ਨਾਲ ਸੰਨੀ ਦਿਓਲ ਦਾ ਮੁਕਾਬਲਾ ਹੋਵੇਗਾ।