
ਲੋੜ ਪੈਣ 'ਤੇ 10 ਵੈਂਟੀਲੇਟਰਾਂ ਅਤੇ 25 ਬੈਡਾਂ ਵਾਲਾ ਹਸਪਤਾਲ ਸਰਕਾਰ ਨੂੰ ਦੇਣ ਦੀ ਪੇਸਕਸ਼
ਚੰਡੀਗੜ੍ਹ, 22 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਵਲੋਂ ਤਾਲਾਬੰਦੀ/ਲਾਕਡਾਊਨ ਸਬੰਧੀ ਚੁੱਕੇ ਗਏ ਸਖ਼ਤ ਕਦਮਾਂ ਦੀ ਸ਼ਲਾਘਾ ਕਰਦਿਆਂ ਇੰਡੀਅਨ ਮੈਡੀਕਲ ਐਸੋਸੀਏਸਨ (ਆਈ.ਐਮ.ਏ.) ਨੇ ਕੋਵਿਡ-19 ਦੇ ਖ਼ਤਰੇ ਦੀ ਤੁਰਤ ਪਛਾਣ, ਜਾਂਚ ਅਤੇ ਰੋਕਥਾਮ ਰਣਨੀਤੀ ਅਪਣਾ ਕੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਸੂਬੇ ਦੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਦੀ ਵਡਿਆਈ ਕੀਤੀ ਹੈ।
ਮੈਡੀਕਲ ਐਸੋਸੀਏਸ਼ਨ ਨੇ ਬਿਆਨ 'ਚ ਕਿਹਾ ਹੈ ਕਿ ਪੰਜਾਬ ਵਿਚ 4 ਮਾਰਚ ਨੂੰ ਕੋਰੋਨਾ ਨਾਲ ਪੀੜਤ ਹੋਣ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ, ਪਰ ਵਿਭਾਗ ਜਨਵਰੀ 2020 ਤੋਂ ਵਾਹਗਾ ਅਤੇ ਕਰਤਾਰਪੁਰ ਲਾਂਘੇ 'ਤੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਅਤੇ ਅੰਤਰਰਾਸ਼ਟਰੀ ਚੈੱਕ ਪੋਸਟਾਂ 'ਤੇ ਆਉਣ ਵਾਲੇ ਯਾਤਰੀਆਂ ਦੀ ਜਾਂਚ ਸਬੰਧੀ ਪਹਿਲਾਂ ਹੀ ਚੌਕਸ ਰਿਹਾ ਹੈ।
ਇਸ ਤੋਂ ਇਲਾਵਾ, ਵਿਭਾਗ ਦੀ ਸਰਗਰਮ ਕਾਰਜਸ਼ੀਲਤਾ ਇਸ ਤੱਥ ਤੋਂ ਸਪੱਸ਼ਟ ਹੈ ਕਿ ਯਾਤਰੀਆਂ ਦੀ ਜਾਂਚ ਚੰਡੀਗੜ੍ਹ ਵਿਖੇ ਸ਼ੁਰੂ ਕਰ ਦਿਤੀ ਗਈ ਸੀ ਅਤੇ ਭਾਰਤ ਸਰਕਾਰ ਤੋਂ ਵੀ ਪਹਿਲਾਂ ਚੈੱਕ ਪੋਸਟਾਂ 'ਤੇ ਸਕਰੀਨਿੰਗ ਕਰਨੀ ਸ਼ੁਰੂ ਕਰ ਦਿਤੀ ਗਈ ਸੀ। ਸਰਗਰਮ ਨਿਗਰਾਨੀ ਦੇ ਨਤੀਜੇ ਵਜੋਂ, ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਕੋਵਿਡ -19 ਦੇ ਪਹਿਲੇ ਕੇਸ ਦਾ ਪਤਾ ਲਗਾਇਆ ਗਿਆ ਜਿਸ ਨਾਲ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਵਿਚ ਸਹਾਇਤਾ ਮਿਲੀ।
ਆਈ.ਐਮ.ਏ. ਨੇ ਜਲੰਧਰ ਕੋਵਿਡ ਹਸਪਤਾਲ ਕੋਲ 10 ਵੈਂਟੀਲੇਟਰਾਂ ਅਤੇ 25 ਬੈੱਡਾਂ ਵਾਲਾ ਹਸਪਤਾਲ ਸਥਾਪਤ ਕੀਤਾ ਹੈ, ਜਿਸ ਨੂੰ ਲੋੜ ਪੈਣ 'ਤੇ ਸੂਬਾ ਸਰਕਾਰ ਨੂੰ ਸੌਂਪੇ ਜਾਣ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਨਾਲ ਹੀ ਆਈ.ਐਮ.ਏ. ਵਲੋਂ ਕਈ ਜ਼ਿਲ੍ਹਿਆਂ ਵਿਚ ਪੀਪੀਈ ਕਿੱਟਾਂ ਦਿਤੀਆਂ ਜਾ ਰਹੀਆਂ ਹਨ ਅਤੇ ਕੋਵਿਡ-19 ਦੇ ਮਰੀਜ਼ਾਂ ਦੇ ਪ੍ਰਬੰਧਨ ਲਈ ਸਿਖਲਾਈ ਦਿਤੀ ਜਾ ਰਹੀ ਹੈ ਅਤੇ ਸਿਵਲ ਹਸਪਤਾਲਾਂ ਵਿਚ ਜਾਂਚ ਲਈ ਐਂਬੂਲੈਂਸ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ।
File photo
ਆਈਐਮਏ ਨੇ ਸੰਤੁਸ਼ਟੀ ਜ਼ਾਹਰ ਕਰਦਿਆਂ ਅੱਗੇ ਕਿਹਾ ਕਿ ਐਸ.ਬੀ.ਐਸ ਨਗਰ ਅਤੇ ਮੁਹਾਲੀ ਜ਼ਿਲ੍ਹੇ ਦੇ ਡੇਰਾਬਸੀ ਵਿਚ ਸੂਬੇ ਦੇ ਦੋ ਹਾਟ ਸਪਾਟਾਂ ਵਿਚ ਸੂਬੇ ਦੀਆਂ ਟੀਮਾਂ ਵਲੋਂ ਸਾਰੇ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਦੀ ਘੇਰਾਬੰਦੀ ਕੀਤੀ ਗਈ ਅਤੇ ਪਾਜ਼ੇਟਿਵ ਮਾਮਲਿਆਂ ਦੇ ਸਾਰੇ ਸੰਪਰਕਾਂ ਦੀ ਤੁਰਤ ਟ੍ਰੇਸਿੰਗ ਕਰ ਕੇ ਜਾਂਚ ਕੀਤੀ ਗਈ।
ਮਹਾਮਾਰੀ ਦੇ ਅਸਰ ਦੇ ਵਿਸ਼ਵ ਵਿਆਪੀ ਪੈਮਾਨੇ ਦੇ ਮੱਦੇਨਜ਼ਰ ਸੂਬੇ ਵਲੋਂ ਸਾਂਝੇ ਹੁੰਗਾਰੇ ਨੂੰ ਵੇਖਦਿਆਂ, ਆਈ.ਐਮ.ਏ. ਨੇ ਵਿਸ਼ੇਸ਼ ਤੌਰ 'ਤੇ ਸਿਹਤ ਵਿਭਾਗ ਦੇ ਆਈਸੋਲੇਸ਼ਨ ਸਹੂਲਤਾਂ ਤਿਆਰ ਕਰਨ, ਗੰਭੀਰ ਮਾਮਲਿਆਂ ਦੇ ਪ੍ਰਬੰਧਨ ਲਈ ਮਨੁੱਖ ਸਕਤੀ ਦਾ ਪੁਨਰਗਠਨ ਅਤੇ ਸਮਰੱਥਾ ਨਿਰਮਾਣ ਅਤੇ ਆਈ.ਈ.ਸੀ. ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਬਾਰੇ ਸਬੰਧੀ ਜਾਗਰੂਕਤਾ ਲਈ ਵੱਡੀ ਮੁਹਿੰਮ ਤੋਂ ਇਲਾਵਾ ਜਾਗਰੂਕਤਾ ਗਤੀਵਿਧੀਆਂ ਕਰਨ ਲਈ ਵੀ ਸ਼ਲਾਘਾ ਕੀਤੀ।
ਵਿਭਾਗ ਵਲੋਂ ਚੁੱਕੇ ਕਦਮਾਂ ਦੀ ਸਫ਼ਲਤਾ ਐਸ.ਬੀ.ਐਸ. ਨਗਰ ਦੇ ਪਠਲਾਵਾ ਪਿੰਡ ਵਿਚ ਵਾਇਰਸ ਫੈਲਣ ਦੀ ਰੋਕਥਾਮ ਦੇ ਸੁਚੱਜੇ ਯਤਨਾਂ ਵਿਚ ਸਪੱਸ਼ਟ ਤੌਰ 'ਤੇ ਦਿਖਾਈ ਦਿੰਦੀ ਹੈ ਜਿਥੇ ਬਹੁਤ ਘੱਟ ਸਮੇਂ ਵਿਚ 19 ਕੇਸ ਸਾਹਮਣੇ ਆਏ ਸਨ। ਤੁਰਤ ਟੈਸਟਿੰਗ ਅਤੇ ਰੋਕਥਾਮ ਦੇ ਯਤਨਾਂ ਨਾਲ ਐਸ.ਬੀ.ਐਸ. ਨਗਰ ਤੋਂ 25 ਮਾਰਚ ਤੋਂ ਬਾਅਦ ਹੁਣ ਤਕ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਸਾਰੇ ਮਰੀਜ਼ ਤੰਦਰੁਸਤ ਐਲਾਨੇ ਜਾ ਚੁੱਕੇ ਹਨ, ਜਦਕਿ ਸਿਰਫ਼ ਇਕ ਮਰੀਜ਼ ਨੂੰ ਵੀ ਇਕ ਦਿਨ ਬਾਅਦ ਛੁੱਟੀ ਹੋਣ ਦੀ ਸੰਭਾਵਨਾ ਹੈ।
ਆਈ.ਐਮ.ਏ. ਨੇ ਪੰਜਾਬ ਨੂੰ ਅਪਣੇ ਪੂਰੇ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਾਰੇ ਸੂਬੇ ਵਿਚ ਨਿਜੀ ਹਸਪਤਾਲਾਂ ਵਿਚ ਓਪੀਡੀ ਦੀ ਸੁਵਿਧਾ ਦੇਣ ਅਤੇ ਉਨ੍ਹਾਂ ਕੋਲ ਆਉਣ ਵਾਲੇ ਮਰੀਜਾਂ ਦੇ ਪ੍ਰਬੰਧ ਨੂੰ ਯਕੀਨੀ ਬਣਾ ਕੇ ਇਹ ਸੰਸਥਾ ਅਪਣੀ ਪੂਰੀ ਸਮਰੱਥਾ ਨਾਲ ਸੂਬੇ ਦੀ ਸਹਾਇਤਾ ਕਰ ਰਹੀ ਹੈ। ਆਈ.ਐਮ.ਏ. ਪੰਜਾਬ ਨੇ ਸੂਬਾ ਸਰਕਾਰ ਨੂੰ ਇਸ ਮਹਾਮਾਰੀ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਸਹਿਯੋਗ ਲਈ ਵਚਨਬੱਧਤਾ ਪ੍ਰਗਟਾਈ ਹੈ।
ਜ਼ਿਕਰਯੋਗ ਹੈ ਕਿ ਆਈ.ਐਮ.ਏ. ਪੰਜਾਬ ਨੇ ਕੋਵਿਡ-19 ਨੂੰ ਕੰਟਰੋਲ ਕਰਨ ਲਈ ਜਨਤਕ ਅਤੇ ਨਿੱਜੀ ਖੇਤਰ ਦੀਆਂ ਸਿਹਤ ਸਹੂਲਤਾਂ ਦੀਆਂ ਤਿਆਰੀ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਸਿਹਤ ਮੰਤਰੀ, ਸਿਹਤ ਸਕੱਤਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਨਾਲ ਕਈ ਮੁਲਾਕਾਤਾਂ ਕੀਤੀਆਂ। ਉਨ੍ਹਾਂ 28 ਮਾਰਚ ਤੋਂ ਕੋਵਿਡ-19 ਦੇ ਕੇਂਦਰ ਪਠਲਾਵਾ (ਐਸ.ਬੀ.ਐੱਸ. ਨਗਰ) ਅਤੇ ਸਬਜੀ ਮੰਡੀ ਵਿਚ ਕੈਂਪ ਲਗਾਏ। ਆਈ.ਐਮ.ਏ. ਦੇ ਸਾਰੇ ਜ਼ਿਲ੍ਹਾ ਪ੍ਰਧਾਨ ਸਿਵਲ ਸਰਜਨਾਂ ਨਾਲ ਤਾਲਮੇਲ ਕਰ ਰਹੇ ਹਨ।