
ਨੇੜਲੇ ਇਲਾਕੇ ਦੀਆਂ ਸਬਜ਼ੀ ਮੰਡੀਆਂ ਦੇ ਬੰਦ ਹੋਣ ਮਗਰੋਂ ਸਮਰਾਲਾ ਦੀ ਸਬਜ਼ੀ ਮੰਡੀ ਵਿਚ ਨੇੜਲੇ ਸ਼ਹਿਰਾਂ ਤੋਂ ਸਬਜ਼ੀ ਵੇਚ ਖ਼ਰੀਦ ਵਾਲਿਆਂ ਦੀ ਇਕੱਠੀ ਹੋਈ
ਸਮਰਾਲਾ, 22 ਅਪ੍ਰੈਲ (ਸੁਰਜੀਤ ਸਿੰਘ) : ਨੇੜਲੇ ਇਲਾਕੇ ਦੀਆਂ ਸਬਜ਼ੀ ਮੰਡੀਆਂ ਦੇ ਬੰਦ ਹੋਣ ਮਗਰੋਂ ਸਮਰਾਲਾ ਦੀ ਸਬਜ਼ੀ ਮੰਡੀ ਵਿਚ ਨੇੜਲੇ ਸ਼ਹਿਰਾਂ ਤੋਂ ਸਬਜ਼ੀ ਵੇਚ ਖ਼ਰੀਦ ਵਾਲਿਆਂ ਦੀ ਇਕੱਠੀ ਹੋਈ ਭਾਰੀ ਭੀੜ ਨੇ ਸਮਾਜਿਕ ਦੂਰੀ ਨੂੰ ਛਿੱਕੇ ਟੰਗਦਿਆਂ ਸਾਰੇ ਪਾਸੇ ਆਪ ਹੁਦਰੇਪਣ ਦਾ ਆਲਮ ਨਜ਼ਰ ਆਇਆ ਤਾਂ ਪ੍ਰਸ਼ਾਸਨ ਨੇ ਤੁਰਤ ਐਕਸ਼ਨ ਲਿਆ। ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਥਾਨਕ ਪ੍ਰਸਾਸ਼ਨ ਨੇ ਸਮਰਾਲਾ ਦੀ ਸਬਜ਼ੀ ਮੰਡੀ ਨੂੰ ਵੀ ਅਗਲੇ ਤਿੰਨ ਦਿਨ ਲਈ ਬੰਦ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ।
ਸਥਾਨਕ ਪੁਲਿਸ ਪ੍ਰਸਾਸ਼ਨ ਵੀ ਮੰਡੀ 'ਚ ਲੋਕਾਂ ਨੂੰ ਕੋਰੋਨਾ ਵਾਇਰਸ ਫੈਲਣ ਦੇ ਖ਼ਤਰੇ ਨੂੰ ਵੇਖਦੇ ਹੋਏ ਵਾਰ-ਵਾਰ ਭੀੜ ਇਕੱਠੀ ਨਾ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕਰ ਰਿਹਾ ਸੀ ਪ੍ਰੰਤੂ ਮੰਡੀ ਵਿਚ ਆ ਰਹੀ ਲੋਕਾਂ ਦੀ ਭੀੜ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਧੱਜੀਆਂ ਉਡਾਉਂਦੀ ਹੋਈ ਸਥਾਨਕ ਪ੍ਰਸ਼ਾਸਨ ਦੀਆਂ ਅਪੀਲਾਂ ਨੂੰ ਵੀ ਲਗਾਤਾਰ ਦਰਕਿਨਾਰ ਕਰਦੀ ਆ ਰਹੀ ਸੀ।
File photo
ਹੁਣ ਜਦੋਂ ਸਮਰਾਲਾ ਦੀ ਸਬਜ਼ੀ ਮੰਡੀ ਵਿਚ ਹੋਰ ਸ਼ਹਿਰਾਂ ਦੀਆਂ ਮੰਡੀਆਂ ਬੰਦ ਹੋਣ ਕਾਰਨ ਉੱਥੋਂ ਦੀ ਭੀੜ ਵੀ ਇਥੇ ਪੁੱਜਣੀ ਸ਼ੁਰੂ ਹੋ ਗਈ ਤਾਂ ਬੇਕਾਬੂ ਹੁੰਦੇ ਹਾਲਾਤ ਨੂੰ ਵੇਖਦੇ ਹੋਏ ਪ੍ਰਸਾਸ਼ਨ ਨੂੰ ਇਹ ਮੰਡੀਆਂ ਵੀ ਬੰਦ ਕਰਨ ਦਾ ਫੈਸਲਾ ਲੈਣਾ ਪਿਆ। ਐੱਸ. ਡੀ. ਐਮ. ਗੀਤਿਕਾ ਸਿੰਘ ਨੇ ਦੱਸਿਆ ਕਿ ਖੰਨਾ ਅਤੇ ਲੁਧਿਆਣਾ ਸਮੇਤ ਆਸਪਾਸ ਦੀਆਂ ਸਾਰੀਆਂ ਸਬਜ਼ੀ ਮੰਡੀਆਂ ਬੰਦ ਹੋਣ ਕਾਰਨ ਇਨ੍ਹਾਂ ਸਬਜ਼ੀ ਮੰਡੀਆਂ ਵਿੱਚ ਦੂਰ ਦੁਰਾਡੇ ਤੋਂ ਸਬਜ਼ੀ ਵੇਚਣ ਅਤੇ ਖਰੀਦਣ ਵਾਲਿਆਂ ਦੀ ਅਥਾਹ ਭੀੜ ਕਾਰਨ ਸਥਾਨਕ ਸਬ ਡਵੀਜ਼ਨ ਦੀਆਂ ਦੋਵੇਂ ਸਬਜ਼ੀ ਮੰਡੀਆਂ ਨੂੰ ਬੰਦ ਕਰਨਾ ਪਿਆ ਹੈ।
ਉਨ੍ਹਾਂ ਦੱਸਿਆ ਕਿ ਲੁਧਿਆਣਾ, ਜਮਾਲਪੁਰ, ਖੰਨਾ, ਦੋਰਾਹਾ ਅਤੇ ਹੋਰ ਆਸ ਪਾਸ ਦੇ ਸ਼ਹਿਰਾਂ ਦੇ ਲੋਕ ਸਬਜ਼ੀ ਦੀ ਖਰੀਦੋ ਫਰੋਖਤ ਕਰਨ ਲਈ ਭਾਰੀ ਗਿਣਤੀ ਵਿਚ ਤੜਕੇ ਹੀ ਸਬਜ਼ੀ ਮੰਡੀਆਂ ਵਿਚ ਪਹੁੰਚ ਜਾਂਦੇ ਸਨ। ਕਰੋਨਾ ਤੋਂ ਬਚਾਓ ਲਈ 'ਵਿਅਕਤੀਗਤ ਦੁਰੀ' ਰੱਖਣ ਅਤੇ ਇੱਥੋਂ ਤੱਕ ਕਿ ਸਬਜ਼ੀ ਖ਼ਰੀਦਣ ਵਾਲਿਆਂ ਦੀ ਭੀੜ ਨੂੰ ਸੰਭਾਲਣ ਲਈ ਵਾਧੂ ਪੁਲਿਸ ਫੋਰਸ ਵੀ ਲਗਾਈ ਗਈ ਸੀ। ਪਰ ਹੁਣ ਆਖਰ ਦੋਵੇਂ ਸਬਜ਼ੀ ਮੰਡੀਆਂ ਨੂੰ ਤਿੰਨ ਦਿਨ ਲਈ ਬੰਦ ਕਰਨ ਦੇ ਹੁਕਮ ਜਾਰੀ ਕਰਨੇ ਪਏ ਹਨ।