
ਜੰਮੂ ਕਸ਼ਮੀਰ ’ਚ ਅਤਿਵਾਦੀਆਂ ਨਾਲ ਮੁਠਭੇੜ
ਸ਼੍ਰੀਨਗਰ, 22 ਅਪ੍ਰੈਲ : ਜੰਮੂ-ਕਸ਼ਮੀਰ ’ਚ ਸੁਰੱਖਿਆ ਫ਼ੋਰਸ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ’ਚ 4 ਅਤਿਵਾਦੀਆਂ ਨੂੰ ਢੇਰ ਕਰਨ ਦੀ ਜਾਣਕਾਰੀ ਮਿਲੀ ਹੈ। ਬਾਰਾਮੂਲਾ ਜ਼ਿਲ੍ਹੇ ’ਚ ਸ਼ੁੱਕਰਵਾਰ ਨੂੰ ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ ’ਚ ਇਕ ਹੋਰ ਅਤਿਵਾਦੀ ਨੂੰ ਮਾਰ ਸੁੱਟਿਆ। ਪੁਲਿਸ ਨੇ ਦਸਿਆ ਕਿ 24 ਘੰਟਿਆਂ ਤੋਂ ਵਧ ਸਮੇਂ ਤੋਂ ਚੱਲ ਰਹੇ ਮੁਕਾਬਲੇ ’ਚ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ 4 ਹੋ ਗਈ ਹੈ, ਜਿਨ੍ਹਾਂ ’ਚ ਲਸ਼ਕਰ-ਏ-ਤੋਇਬਾ ਦਾ ਚੋਟੀ ਦਾ ਕਮਾਂਡਰ ਯੁਸੂਫ ਕਾਂਤਰੂ ਵੀ ਵੀਰਵਾਰ ਨੂੰ ਮੁਕਾਬਲੇ ’ਚ ਮਾਰਿਆ ਗਿਆ ਸੀ। ਉਹ ਘਾਟੀ ’ਚ ਸਭ ਤੋਂ ਲੰਬੇ ਸਮੇਂ ਤੱਕ ਜਿਊਂਦਾ ਰਹਿਣ ਵਾਲਾ ਅਤਿਵਾਦੀ ਸੀ। ਇਕ ਪੁਲਿਸ ਅਧਿਕਾਰੀ ਨੇ ਦਸਿਆ, ‘‘ ਮੁਕਾਬਲਾ ਫਿਰ ਤੋਂ ਸ਼ੁਰੂ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਇਕ ਹੋਰ ਅਤਿਵਾਦੀ ਮਾਰਿਆ ਗਿਆ।’’ ਉਨ੍ਹਾਂ ਦਸਿਆ ਕਿ ਮੁਹਿੰਮ ’ਚ ਹੁਣ ਤਕ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ 4 ਹੋ ਗਈ ਹੈ। ਇਹ ਮੁਕਾਬਲਾ ਵੀਰਵਾਰ ਤੜਕੇ ਸ਼ੁਰੂ ਹੋਇਆ ਸੀ। ਉਨ੍ਹਾਂ ਦਸਿਆ ਕਿ ਉੱਤਰ ਕਸ਼ਮੀਰ ’ਚ ਬਾਰਾਮੂਲਾ ਦੇ ਮਾਲਵਾਹ ਇਲਾਕੇ ’ਚ ਮੁਕਾਬਲੇ ’ਚ ਵੀਰਵਾਰ ਨੂੰ 3 ਅਤਿਵਾਦੀ ਮਾਰੇ ਗਏ ਸਨ। ਵੀਰਵਾਰ ਨੂੰ ਸ਼ੁਰੂਆਤੀ ਮੁਕਾਬਲੇ ’ਚ ਚਾਰ ਜਵਾਨ ਅਤੇ ਇਕ ਪੁਲਿਸ ਕਰਮੀ ਜ਼ਖ਼ਮੀ ਹੋ ਗਿਆ ਸੀ। ਪੁਲਿਸ ਨੇ ਦਸਿਆ ਕਿ ਕਾਂਤਰੂ ਸੁਰੱਖਿਆ ਫ਼ੋਰਸ ਦੇ ਕਈ ਕਰਮੀਆਂ ਅਤੇ ਗ਼ੈਰ-ਫ਼ੌਜੀ ਨਾਗਰਿਕਾਂ ਦੇ ਕਤਲ ’ਚ ਸ਼ਾਮਲ ਰਿਹਾ ਹੈ ਅਤੇ ਉਹ ਕਸ਼ਮੀਰ ਘਾਟੀ ਦੇ ਚੋਟੀ ਦੇ 10 ਲੋੜੀਂਦੇ ਅਤਿਵਾਦੀਆਂ ’ਚ ਸ਼ਾਮਲ ਸੀ। ਕਾਂਤਰੂ ਮਾਰਚ ’ਚ ਵਿਸ਼ੇਸ਼ ਪੁਲਿਸ ਅਧਿਕਾਰੀ ਮੁਹੰਮਦ ਇਸ਼ਫਾਕ ਡਾਰ ਅਤੇ ਉਸ ਦੇ ਭਰਾ ਉਮਰ ਅਹਿਮਦ ਡਾਰ, ਸਤੰਬਰ 2020 ’ਚ ਬੜਗਾਮ ਜ਼ਿਲ੍ਹੇ ਦੇ ਖਾਗ਼ ਇਲਾਕੇ ’ਚ ਬੀ.ਡੀ.ਸੀ. ਪ੍ਰਧਾਨ ਸਰਦਾਰ ਭੂਪਿੰਦਰ ਸਿੰਘ ਅਤੇ ਦਸੰਬਰ 2017 ’ਚ ਸੀ.ਆਰ.ਪੀ.ਐਫ਼. ਕਰਮੀ ਰਿਆਜ਼ ਅਹਿਮਦ ਰਾਠੇਰ ਦੇ ਕਤਲ ’ਚ ਸ਼ਾਮਲ ਸੀ। (ਪੀਟੀਆਈ)