
ਧੜੇਬੰਦੀਆਂ ਦੇ ਪ੍ਰਛਾਵੇਂ ਹੇਠ ਰਾਜਾ ਵੜਿੰਗ ਨੇ ਸੰਭਾਲਿਆ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ
ਨਵਜੋਤ ਸਿੱਧੂ ਸਮਰਥਕਾਂ ਸਮੇਤ ਪੰਜਾਬ ਕਾਂਗਰਸ ਭਵਨ ਵੜਿੰਗ
ਨੂੰ ਵਧਾਈ ਦੇਣ ਆਏ ਪਰ ਸਮਾਗਮ 'ਚ ਸ਼ਾਮਲ ਨਹੀਂ ਹੋਏ
ਚੰਡੀਗੜ੍ਹ, 22 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਪਾਰਟੀ 'ਚ ਚਲਦੀਆਂ ਧੜੇਬੰਦੀਆਂ ਦੇ ਪ੍ਰਛਾਵੇਂ ਹੇਠ ਅੱਜ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਅਪਣੇ ਅਹੁਦੇ ਦਾ ਚਾਰਜ ਅੱਜ ਇਥੇ ਪੰਜਾਬ ਕਾਂਗਰਸ ਭਵਨ 'ਚ ਇਕ ਸਾਦੇ ਸਮਾਗਮ 'ਚ ਸੰਭਾਲ ਲਿਆ ਹੈ | ਉਨ੍ਹਾਂ ਨਾਲ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਵੀ ਅਹੁਦਾ ਸੰਭਾਲਿਆ ਹੈ | ਪਾਰਟੀ ਅੰਦਰਲੀ ਸਥਿਤੀ ਨੂੰ ਵੇਖਦਿਆਂ ਹੀ ਅੱਜ ਦੇ ਸਮਾਗਮ 'ਚ ਵੱਡਾ ਇਕੱਠ ਨਹੀਂ ਕੀਤਾ ਗਿਆ ਅਤੇ 100 ਦੇ ਕਰੀਬ ਚੁਣਵੇਂ ਪ੍ਰਮੁੱਖ ਨੇਤਾ ਹੀ ਪੰਜਾਬ ਕਾਂਗਰਸ ਭਵਨ 'ਚ ਸੱਦੇ ਗਏ ਸਨ |
ਅੱਜ ਇਸ ਸੰਖੇਪ ਸਮਾਗਮਮਮ ਸਮੇਂ ਵੀ ਆਪਸੀ ਨਾਰਾਜ਼ਗੀਆਂ ਦੀ ਝਲਕ ਕਈ ਪ੍ਰਮੁੱਖ ਆਗੂਆਂ ਵਲੋਂ ਮੀਡੀਆ ਸਾਹਮਣੇ ਕੀਤੀਆਂ ਟਿਪਣੀਆਂ ਨਾਲ ਮਿਲੀ | ਦਿਲਚਸਪ ਗੱਲ ਹੈ ਕਿ ਭਾਵੇਂ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਭਵਨ ਪਹੁੰਚੇ ਪਰ ਉਹ ਰਾਜਾ ਵੜਿੰਗ ਦੇ ਅਹੁਦਾ ਸੰਭਾਲਣ ਵਾਲੇ ਸਮਾਗਮ 'ਚ ਸ਼ਾਮਲ ਨਹੀਂ ਹੋਏ ਅਤੇ ਰਾਜਾ ਵੜਿੰਗ ਨੂੰ ਵਧਾਈ ਤੇ ਥਾਪੀ ਦੇ ਕੇ ਕੁੱਝ ਮਿੰਟਾਂ ਬਾਅਦ ਹੀ ਚਲੇ ਗਏ |
ਸਾਬਕਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਸਮਾਗਮਮ 'ਚ ਨਹੀਂ ਆਏ | ਇਸ ਲਈ ਭਵਿੱਖ 'ਚ ਪੰਜਾਬ ਕਾਂਗਰਸ ਨੂੰ ਇਕਜੁਟ ਕਰ ਕੇ ਤੋਰਨਾ ਰਾਜਾ ਵੜਿੰਗ ਲਈ ਬਹੁਤ ਵੱਡੀ ਚੁਣੌਤੀ ਹੈ |
ਸਮਾਗਮ 'ਚ ਸੰਖੇਪ ਭਾਸ਼ਣ 'ਚ ਮੁੱਖ ਤੌਰ 'ਤੇ ਪਾਰਟੀ ਦੀ ਮਜ਼ਬੂਤੀ ਲਈ ਆਗੂਆਂ ਨੂੰ 3ਡੀ ਏਜੰਡੇ ਦਾ ਗੁਰਮੰਤਰ ਦਸਿਆ | 3ਡੀ ਦਾ ਅਰਥ ਡਿਸੀਪਲਿਨ, ਡੈੈਡੀਕੇਸ਼ਨ ਤੇ ਡਾਇਲਾਗ ਹੈ | ਉਨ੍ਹਾਂ ਪਾਰਟੀ ਅਨੁਸ਼ਾਸਨ ਉਪਰ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਕਿ ਕੋਈ ਵੀ ਪਾਰਟੀ ਇਸ ਤੋਂ ਬਿਨਾ ਅੱਗੇ ਨਹੀਂ ਵਧ ਸਕਦੀ | ਉਨ੍ਹਾਂ ਕਿਹਾ ਕਿ ਪਾਰਟੀ 'ਚ ਅਨੁਸ਼ਾਸਨ ਹਰ ਹੀਲੇ ਕਾਇਮ ਕੀਤਾ ਜਾਵੇਗਾ ਅਤੇ ਅਨੁਸ਼ਾਸਨ ਭੰਗ ਕਰਨ ਦੀ ਆਗਿਆ ਕਿਸੇ ਨੂੰ ਨਹੀਂ ਹੋਵੇਗੀ, ਭਾਵੇਂ ਉਹ ਕਿੰਨਾ ਵੀ ਵੱਡਾ ਆਗੂ ਕਿਉਂ ਨਾ ਹੋਵੇ | ਉਨ੍ਹਾਂ ਸੱਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਆਖੀ |
ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਵੀ ਕਿਹਾ ਕਿ ਸਾਨੂੰ ਬਹੁਤ ਹੀ ਚੁਣੌਤੀ ਵਾਲੇ ਸਮੇਂ 'ਚ ਜ਼ਿੰਮੇਵਾਰੀ ਮਿਲੀ ਹੈ ਅਤੇ ਵਰਕਰ ਪਾਰਟੀ ਦੀ ਇੰਨੀ ਵੱਡੀ ਹਾਰ ਕਾਰਨ ਨਿਰਾਸ਼ ਹਨ | ਵਰਕਰਾਂ ਦਾ ਮਨੋਬਲ ਵਧਾਉਣਾ ਇਸ ਸਮੇਂ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਪਾਰਟੀ ਕਿਸੇ ਇਕ ਆਗੂ ਦੇ ਨਾਂ ਦੇ ਬ੍ਰਾਂਡ ਹੇਠ ਨਹੀਂ ਚੱਲੇਗੀ ਬਲਕਿ ਪਾਰਟੀ ਦੇ ਝੰਡੇ ਹੇਠ ਸਭ ਰਲ ਮਿਲ ਕੇ ਸਮੂਹਿਕ ਤੌਰ 'ਤੇ ਟੀਮ ਦੇ ਰੂਪ 'ਚ ਕੰਮ ਕਰਨਗੇ |