
ਪੰਜਾਬ 'ਚ ਅੱਜ ਤਾਪਮਾਨ 42 ਡਿਗਰੀ ਤਕ ਪੁੱਜਣ ਨਾਲ ਬਿਜਲੀ ਦੀ ਮੰਗ ਵੀ ਇਕਦਮ ਵਧ ਕੇ 8319 ਮੈਗਾਵਾਟ 'ਤੇ
ਚੰਡੀਗੜ੍ਹ, 22 ਮਈ (ਐਸ.ਐਸ. ਬਰਾੜ): ਪੰਜਾਬ 'ਚ ਅੱਜ ਤਾਪਮਾਨ 42 ਡਿਗਰੀ ਤਕ ਪੁੱਜਣ ਨਾਲ ਬਿਜਲੀ ਦੀ ਮੰਗ ਵੀ ਇਕਦਮ ਵਧ ਕੇ 8319 ਮੈਗਾਵਾਟ 'ਤੇ ਪੁੱਜ ਗਈ। ਬਿਜਲੀ ਦੀ ਮੰਗ ਵਧਣ ਨਾਲ ਬਿਜਲੀ ਕਾਰਪੋਰੇਸ਼ਨ ਨੇ ਵੀ ਸੁੱਖ ਦਾ ਸਾਹ ਲਿਆ ਹੈ। ਬਿਜਲੀ ਦੀ ਖਪਤ ਘੱਟ ਹੋਣ ਨਾਲ ਕਾਰਪੋਰੇਸ਼ਨ ਘਾਟਾ ਉਠਾਉਣਾ ਪੈ ਰਿਹਾ ਸੀ।
ਪੰਜਾਬ ਬਿਜਲੀ ਕਾਰਪੋਰੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਗੱਲਬਾਤ ਕਰਦਿਆਂ ਜਾਣਕਾਰੀ ਦਿਤੀ ਕਿ 18 ਮਈ ਨੂੰ ਬਿਜਲੀ ਦੀ ਮੰਗ 6 ਹਜ਼ਾਰ ਮੈਗਾਵਾਟ ਤੋਂ ਵੀ ਘੱਟ ਸੀ, ਪ੍ਰੰਤੂ ਅੱਜ 11 ਵਜੇ ਤਕ ਇਹ ਮੰਗ 8319 ਮੈਗਾਵਾਟ ਤਕ ਪੁੱਜ ਗਈ। ਉਨ੍ਹਾਂ ਇਹ ਵੀ ਦਸਿਆ ਕਿ ਰਾਜ'ਚ ਕੋਰੋਨਾ ਬੀਮਾਰੀ ਕਾਰਨ ਕਾਰੋਬਾਰ ਠੱਪ ਹੋਣ ਨਾਲ ਬਿਜਲੀ ਦੀ ਮੰਗ ਵੀ ਬਿਲਕੁਲ ਹੇਠਾਂ ਆ ਗਈ ਸੀ। ਪ੍ਰੰਤੂ ਜਿਉਂ ਹੀ ਸਰਕਾਰ ਨੇ ਕਾਰੋਬਾਰ ਚਾਲੂ ਕਰਨ ਦੀ ਆਗਿਆ ਦਿਤੀ ਤਾਂ ਬਿਜਲੀ ਦੀ ਮੰਗ ਵੀ ਇਕੋਦਮ ਦੋ ਹਜ਼ਾਰ ਮੈਗਾਵਾਟ ਤੋਂ ਵਧ ਕੇ 8300 ਦਾ ਅੰਕੜਾ ਪਾਰ ਕਰ ਗਈ। ਪੰਜਾਬ 'ਚ ਪਿਛਲੇ ਸਾਲ 22 ਮਈ ਨੂੰ ਬਿਜਲੀ ਦੀ ਮੰਗ 7221 ਮੈਗਾਵਾਟ ਸੀ।
File photo
ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਤਿੰਨ ਪ੍ਰਾਈਵੇਟ ਥਰਮਲ ਪਲਾਂਟ ਬਿਜਲੀ ਸਪਲਾਈ ਦੇ ਰਹੇ ਹਨ ਤਾਂ ਉਨ੍ਹਾਂ ਦਸਿਆ ਕਿ ਜਦ ਮਾਰਚ 'ਚ ਕੋਰੋਨਾ ਬੀਮਾਰੀ ਕਾਰਨ ਸਾਰੇ ਕਾਰੋਬਾਰ ਬੰਦ ਕਰ ਦਿਤੇ ਗਏ ਤਾਂ ਰਾਜਪੁਰਾ, ਤਲਵੰਡੀ ਸਾਬੋ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟਾਂ ਦੀਆਂ ਕੰਪਨੀਆਂ ਨੂੰ ਨੋਟਿਸ ਦੇ ਦਿਤਾ ਸੀ ਕਿ ਰਾਜ 'ਚ ਕਾਰੋਬਾਰ ਬੰਦ ਕਰਨ ਦੇ ਹੁਕਮ ਹੋ ਗਏ ਹਨ, ਇਸ ਲਈ ਪੰਜਾਬ ਨੂੰ ਬਿਜਲੀ ਦੀ ਲੋੜ ਨਹੀਂ। ਇਸ ਉਪਰੰਤ ਮਾਰਚ ਦੇ ਅੰਤ 'ਚ ਇਹ ਸਾਰੇ ਪਲਾਂਟ ਬੰਦ ਹੋ ਗਏ ਸਨ ਅਤੇ ਅੱਜ ਜੋ ਵੀ ਬਿਜਲੀ ਸਪਲਾਈ ਹੋ ਰਹੀ ਹੈ,
ਉਹ ਪੰਜਾਬ ਬਿਜਲੀ ਕਾਰਪੋਰੇਸ਼ਨ ਦੇ ਅਪਣੇ ਸਾਧਨਾਂ ਤੋਂ ਹੋ ਰਹੀ ਹੈ। ਉਨ੍ਹਾਂ ਦਸਿਆ ਕਿ ਪੰਜਾਬ ਬਿਜਲੀ ਕਾਰਪੋਰੇਸ਼ਨ ਕੋਲ ਅਪਣੇ ਸਾਰੇ ਸਾਧਨਾਂ ਤੋਂ 8 ਹਜ਼ਾਰ ਮੈਗਾਵਾਟ ਬਿਜਲੀ ਉਪਲਬਧ ਹੈ। ਉਨ੍ਹਾਂ ਦਸਿਆ ਕਿ ਜਿਉਂ ਹੀ ਬਿਜਲੀ ਦੀ ਮੰਗ ਹੋਰ ਵਧੇਗੀ ਤਾਂ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਬਿਜਲੀ ਉਤਪਾਦਨ ਚਾਲੂ ਕਰਨ ਲਈ ਕਿਹਾ ਜਾਵੇਗਾ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਪ੍ਰਾਈਵੇਟ ਥਰਮਲ ਪਲਾਂਟ ਜੋ ਬੰਦ ਕਰਵਾਏ ਗਏ ਹਨ, ਉੁਨ੍ਹ੍ਹਾਂ ਨੂੰ ਨਿਸ਼ਚਿਤ ਅਦਾਇਗੀ ਤਾਂ ਕਰਨੀ ਹੀ ਪਵੇਗੀ। ਉੁਨ੍ਹਾਂ ਸਪਸ਼ਟ ਕੀਤਾ ਕਿ ਇਸ ਮਾਮਲੇ 'ਚ ਕੇਸ ਅਦਾਲਤ 'ਚ ਚਲ ਰਿਹਾ ਹੈ। ਬੰਦ ਪਏ ਥਰਮਲ ਪਲਾਂਟਾਂ ਨੂੰ ਅਪ੍ਰੈਲ ਤੋਂ ਕੋਈ ਅਦਾਇਗੀ ਨਹੀਂ ਕੀਤੀ ਜਾਵੇਗੀ।