
ਕਿਸਾਨ-ਜਥੇਬੰਦੀਆਂ ਵਲੋਂ ਪੰਜਾਬੀਆਂ ਨੂੰ ਸਿਆਸੀ ਚਾਲਾਂ ਤੋਂ ਸੁਚੇਤ ਰਹਿਣ ਦਾ ਸੱਦਾ
26 ਮਈ ਨੂੰ ਦਿੱਲੀ ਲਈ ਰਵਾਨਾ ਹੋਣਗੇ ਸੈਂਕੜੇ ਕਾਫ਼ਲੇ
ਚੰਡੀਗੜ੍ਹ, 22 ਮਈ (ਗੁਰਉਪਦੇਸ਼ ਭੁੱਲਰ) : ਸੰਯੁਕਤ ਕਿਸਾਨ ਮੋਰਚਾ ’ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵਲੋਂ ਜਾਰੀ ਪੱਕੇ-ਧਰਨਿਆਂ ਦੇ 234ਵੇਂ ਦਿਨ ਸੰਬੋਧਨ ਕਰਦਿਆਂ ਆਗੂਆਂ ਨੇ ਸਮੁੱਚੇ ਪੰਜਾਬੀ-ਭਾਈਚਾਰੇ ਨੂੰ ਸਿਆਸੀ- ਦਲਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਅਤੇ ਜਥੇਬੰਦਕ ਸੰਘਰਸ਼ਾਂ ’ਤੇ ਟੇਕ ਰੱਖਣ ਦਾ ਸੱਦਾ ਦਿਤਾ ਹੈ।
ਆਗੂਆਂ ਨੇ ਕਿਹਾ ਕਿ ਵਿਸ਼ਵ-ਪੱਧਰ ’ਚ ਹੱਕੀ-ਮੰਗਾਂ ਲਈ ਆਵਾਜ਼ ਪਹੁੰਚਣ ਕਾਰਨ ਕੁੱਝ ਰਾਜਨੀਤਕ ਪਾਰਟੀਆਂ ਨੇ ਕਿਸਾਨ-ਜਥੇਬੰਦੀਆਂ ਨੂੰ ਬਦਨਾਮ ਕਰਨ, ਪੰਜਾਬ ਦਾ ਮਾਹੌਲ ਖ਼ਰਾਬ ਕਰਨ ਅਤੇ ਅਪਣੀਆਂ ਸਿਆਸੀ-ਰੋਟੀਆਂ ਸੇਕਣ ਲਈ ਚਾਲਾਂ ਚੱਲਣੀਆਂ ਸ਼ੁਰੂ ਕਰ ਦਿਤੀਆਂ ਹਨ, ਜਿਨ੍ਹਾਂ ਤੋਂ ਬਹੁਤ ਸੁਚੇਤ ਰਹਿਣ ਅਤੇ ਪੰਜਾਬ ’ਚ ਅਮਨ-ਸ਼ਾਂਤੀ ਅਤੇ ਭਾਈਚਾਰਾ ਬਣਾਈ ਰੱਖਣ ਦੀ ਲੋੜ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਖੇਤੀ-ਕਾਨੂੰਨਾਂ ਦੇ ਵਿਰੋਧ ਕਾਰਨ ਹਰਿਆਣਾ ਦੇ ਮੁੱਖ-ਮੰਤਰੀ ਖੱਟੜ ਤਾਂ ਕਿਸਾਨਾਂ ’ਤੇ ਕਰੋਨਾ ਦੇ ਫੈਲਾਅ ਬਾਰੇ ਬੇਬੁਨਿਆਦ ਦੋਸ਼ ਲਗਾ ਹੀ ਰਹੇ ਸਨ, ਹੁਣ ਪੰਜਾਬ ਦੇ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਬਾਜਵਾ ਵਲੋਂ ਦਿਤਾ ਬਿਆਨ ਵੀ ਨਿਖੇਧੀਯੋਗ ਹੈ, ਕਿਉਂਕਿ ਉਨ੍ਹਾਂ ਕਿਹਾ ਹੈ ਕਿ ਦਿੱਲੀ-ਮੋਰਚਿਆਂ ਤੋਂ ਆਉਂਦੇ ਕਿਸਾਨ ਲਾਜ਼ਮੀ ਤੌਰ ’ਤੇ ਕੋਰੋਨਾ ਟੈਸਟ ਕਰਵਾਉਣ। ਕਿਸਾਨ-ਆਗੂਆਂ ਨੇ ਕਿਹਾ ਕਿ ਜਥੇਬੰਦੀਆਂ ਪਹਿਲਾਂ ਹੀ ਕਿਸਾਨਾਂ ਦੀ ਸਿਹਤ ਪ੍ਰਤੀ ਫ਼ਿਕਰਮੰਦ ਹਨ, ਦਿੱਲੀ ਦੇ ਮੋਰਚਿਆਂ ’ਤੇ ਅਪਣੇ ਪੱਧਰ ਵੱਧ ਤੋਂ ਵੱਧ ਸਿਹਤ-ਸਹੂਲਤਾਂ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜੇਕਰ ਉਨ੍ਹਾਂ ਨੂੰ ਐਨਾ ਹੀ ਫਿਕਰ ਹੈ ਤਾਂ ਕਿਸਾਨਾਂ ਲਈ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ। ਪਰ ਕਾਂਗਰਸ-ਸਰਕਾਰ ਕੇਂਦਰ-ਸਰਕਾਰ ਵਾਲਾ ਰਵਈਆ ਨਾ ਅਪਣਾਵੇ, ਜਦਕਿ ਜ਼ਰੂਰਤ ਹੈ ਕਿ ਉਹ ਪੰਜਾਬ ’ਚ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ 26 ਮਈ ਨੂੰ ਕਿਸਾਨ-ਅੰਦੋਲਨ ਦੇ 6 ਮਹੀਨੇ ਪੂਰੇ ਹੋਣ ’ਤੇ ਮਨਾਏ ਜਾ ਰਹੇ ‘ਕਾਲਾ-ਦਿਵਸ’ ਲਈ ਭਰਾਤਰੀ ਜਥੇਬੰਦੀਆਂ ਵਲੋਂ ਡਟਵੀਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ, ਦੁਕਾਨਦਾਰ, ਵਪਾਰੀ, ਟਰਾਂਸਪੋਰਟਰਾਂ ਸਮੇਤ ਹਰ ਵਰਗ ਨੇ ਕੇਂਦਰ-ਸਰਕਾਰ ਵਿਰੁਧ ਰੋਸ ਪ੍ਰਗਟਾਉਣ ਦਾ ਐਲਾਨ ਕੀਤਾ ਹੈ। ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ 26 ਮਈ ਨੂੰ ਪੰਜਾਬ ਤੋਂ ਦਿੱਲੀ ਦੇ ਕਿਸਾਨ-ਮੋਰਚਿਆਂ ਲਈ ਸੈਂਕੜੇ ਜਥੇ ਰਵਾਨਾ ਹੋਣਗੇ। 32 ਜਥੇਬੰਦੀਆਂ ਵਲੋਂ ਤਿਆਰੀਆਂ ਲਈ ਪਿੰਡਾਂ ’ਚ ਨੁੱਕੜ-ਮੀਟਿੰਗਾਂ ਦਾ ਦੌਰ ਜਾਰੀ ਹੈ। ਖੇਤੀ ਕਾਨੂੰਨਾਂ, ਬਿਜਲੀ ਸੋਧ ਬਿਲ2020 ਅਤੇ ਪਰਾਲੀ ਆਰਡੀਨੈਂਸ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਘਰਾਂ, ਦੁਕਾਨਾਂ, ਦਫਤਰਾਂ, ਟਰੈਕਟਰਾਂ, ਕਾਰਾਂ, ਜੀਪਾਂ, ਸਕੂਟਰਾਂ ਮੋਟਰਸਾਇਕਲਾਂ, ਬੱਸਾਂ, ਟਰੱਕਾਂ ਉਪਰ ਕਾਲੇ ਝੰਡੇ ਲਾ ਕੇ ਤਿੰਨਾਂ ਖੇਤੀ ਕਾਨੂੰਨਾਂ ਦੀ ਖ਼ਿਲਾਫ਼ਤ ਜ਼ੋਰ ਨਾਲ ਕੀਤੀ ਜਾਵੇਗੀ
ਸੰਯੁਕਤ ਕਿਸਾਨ ਮੋਰਚਾ ’ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੇ ਪੱਕੇ-ਧਰਨਿਆਂ ਦੇ 234 ਵੇਂ ਦਿਨ ਵੀ ਵੱਡੀਆਂ ਗਿਣਤੀਆਂ ਨਾਲ ਜਾਰੀ ਰਹੇ। 3 ਖੇਤੀ ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਲੱਗੇ ਧਰਨਿਆਂ ’ਚ ਲਗਾਤਾਰ ਔਰਤਾਂ ਅਤੇ ਨੌਜਵਾਨਾਂ ਵਲੋਂ ਵੀ ਸੈਂਕੜਿਆਂ ਦੀ ਗਿਣਤੀ ’ਚ ਸ਼ਮੂਲੀਅਤ ਹੋ ਰਹੀ ਹੈ।