
ਕਿਹਾ, ‘‘ਮਾਰਚ ਵਿਚ ਉਨ੍ਹਾਂ ਦੇ ਸਟਾਫ਼ ’ਚੋਂ ਤਬਦੀਲ ਕੀਤੇ ਸਾਬਕਾ ਨਿਜੀ ਸਕੱਤਰ ਨਾਲ ਸਬੰਧਤ ਕਿਸੇ ਵੀ ਜਾਂਚ ਲਈ ਤਿਆਰ’’
ਚੰਡੀਗੜ੍ਹ (ਭੁੱਲਰ) : ਸਹਿਕਾਰਤਾ ਤੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਸਕੱਤਰੇਤ ਸਟਾਫ਼ ਦੇ ਅਪਣੇ ਸਾਬਕਾ ਨਿੱਜੀ ਸਕੱਤਰ ਬਚਿੱਤਰ ਸਿੰਘ ਨਾਲ ਸਬੰਧਤ ਕਿਸੇ ਵੀ ਪੜਤਾਲ ਦਾ ਸਾਹਮਣਾ ਕਰਨ ਲਈ ਤਿਆਰ ਹਨ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਨ੍ਹਾਂ ’ਤੇ ਉਂਗਲ ਉਠਾਉਣ ਤੋਂ ਪਹਿਲਾਂ ਅਪਣੇ ਦਹਾਕੇ ਦੇ ਕਾਰਜਕਾਲ ਦੌਰਾਨ ਕੀਤੇ ਗੁਨਾਹਾਂ ਦੀ ਸਵੈ-ਇੱਛਾ ਨਾਲ ਪੜਤਾਲ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
Akali Dal
ਅੱਜ ਇਥੇ ਜਾਰੀ ਇਕ ਬਿਆਨ ਵਿਚ ਸ. ਰੰਧਾਵਾ ਨੇ ਕਿਹਾ ਕਿ ਉਨ੍ਹਾਂ ਵਿਰੁਧ ਉਠਾਉਣ ਲਈ ਕੋਈ ਮੁੱਦਾ ਨਾ ਮਿਲਣ ’ਤੇ ਅਕਾਲੀ ਘਟੀਆ ਹੱਥਕੰਡੇ ਅਪਣਾ ਰਹੇ ਹਨ ਅਤੇ ਸਰਕਾਰ ਵਲੋਂ ਉਨ੍ਹਾਂ ਨਾਲ ਲਾਏ ਗਏ ਸਾਬਕਾ ਨਿਜੀ ਸਕੱਤਰ ਦੇ ਬਹਾਨੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਚਿੱਤਰ ਸਿੰਘ, ਜੋ ਕਿ ਮੰਤਰੀਆਂ ਦੇ ਸਟਾਫ਼ ਵਿਚ ਆਉਂਦੇ ਹਨ, ਨੂੰ ਉਨ੍ਹਾਂ ਨਾਲ ਲਾਇਆ ਗਿਆ ਸੀ ਜੋ ਕਿ ਉਨ੍ਹਾਂ ਦੇ ਨਿਜੀ ਸਟਾਫ਼ ਵਿਚ ਨਹੀਂ ਸਨ। ਸ. ਰੰਧਾਵਾ ਨੇ ਕਿਹਾ ਕਿ ਤੱਥ ਇਹ ਹੈ ਕਿ ਬਚਿੱਤਰ ਸਿੰਘ ਦੀ ਬਤੌਰ ਨਿਜੀ ਸਕੱਤਰ ਇਸ ਸਾਲ 3 ਮਾਰਚ ਨੂੰ ਉਨ੍ਹਾਂ ਦੇ ਸਟਾਫ਼ ਵਿਚੋਂ ਬਦਲੀ ਹੋ ਗਈ ਸੀ।
federal bureau of investigation
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਹ ਸ਼ਰਮਨਾਕ ਗੱਲ ਹੈ ਕਿ ਅਕਾਲੀਆਂ ਨੇ ਇਹ ਜਾਣਦੇ ਹੋਏ ਵੀ ਕਿ ਇਹ ਪੂਰੀ ਤਰ੍ਹਾਂ ਬੇਬੁਨਿਆਦ ਮੁੱਦਾ ਹੈ, ਤੱਥਾਂ ਦੀ ਜਾਂਚ ਕੀਤੇ ਬਿਨਾਂ ਇਸ ਮਾਮਲੇ ਨੂੰ ਬੇਵਜ੍ਹਾ ਹਵਾ ਦਿੰਦਿਆਂ ਅਪਣੀ ਸਿਆਸੀ ਡਰਾਮੇਬਾਜ਼ੀ ਸ਼ੁਰੂ ਕਰ ਦਿਤੀ। ਸ. ਰੰਧਾਵਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਦੋਂ ਉਨ੍ਹਾਂ ਦੇ ਸਾਬਕਾ ਨਿੱਜੀ ਸਕੱਤਰ ਦਾ ਮਾਮਲਾ ਮੀਡੀਆ ਵਿਚ ਪੜਿ੍ਹਆ ਤਾਂ ਉਨ੍ਹਾਂ ਖ਼ੁਦ ਡਾਇਰੈਕਟਰ, ਬਿਊਰੋ ਆਫ਼ ਇਨਵੈਸਟੀਗੇਸ਼ਨ, ਪੰਜਾਬ ਨੂੰ ਫ਼ੋਨ ਕਰ ਕੇ ਇਸ ਮਾਮਲੇ ਵਿਚ ਕਾਰਵਾਈ ਕਰਨ ਅਤੇ ਉਨ੍ਹਾਂ ਵਲੋਂ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ ਗਈ।
Sukhjinder Singh Randhawa
ਸ. ਰੰਧਾਵਾ ਨੇ ਕਿਹਾ, ‘‘ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੇ ਆਪਣੇ ਪੂਰੇ ਸਿਆਸੀ ਜੀਵਨ ਵਿਚ ਮੈਂ ਪਾਰਦਰਸ਼ੀ, ਜਵਾਬਦੇਹੀ ਅਤੇ ਇਮਾਨਦਾਰੀ ਵਾਲੇ ਜਨਤਕ ਜੀਵਨ ਦਾ ਸਮਰਥਕ ਰਿਹਾ ਹਾਂ ਅਤੇ ਮੈਂ ਇਨ੍ਹਾਂ ਸਿਧਾਂਤਾਂ ਨੂੰ ਕਿਸੇ ਵੀ ਅਹੁਦੇ ਨਾਲੋਂ ਵਧੇਰੇ ਨਹੀਂ ਰਖਿਆ। ਇਸ ਲਈ ਮੈਂ ਇਸ ਮਾਮਲੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਕਿਉਂਕਿ ਇਸ ਨਾਲ ਮੇਰਾ ਕੁੱਝ ਲੈਣਾ ਦੇਣਾ ਨਹੀਂ ਹੈ।’’
Parkash Badal And Sukhbir Badal
ਅਕਾਲੀ ਲੀਡਰਸਪਿ ’ਤੇ ਨਿਸ਼ਾਨਾ ਸਾਧਦਿਆਂ ਸਹਿਕਾਰਤਾ ਮੰਤਰੀ ਨੇ ਉਨ੍ਹਾਂ ਨੂੰ 2007-2017 ਦੇ ਦਹਾਕੇ ਲੰਮੇ ਸ਼ਾਸਨ ਵਿਚਲੀਆਂ ਕੁਰੀਤੀਆਂ ਬਾਰੇ ਸਪਸ਼ਟਤਾ ਦੇਣ ਲਈ ਵੰਗਾਰਿਆ। ਸ. ਰੰਧਾਵਾ ਨੇ ਉਨ੍ਹਾਂ ਨੂੰ ਇਸ ਸ਼ਾਸਨ ਦੌਰਾਨ ਅਪਣੇ ਗੁਨਾਹਾਂ ਦੀ ਜਾਂਚ ਲਈ ਸਵੈ-ਇੱਛੁਕ ਤੌਰ ’ਤੇ ਕਰਵਾਉਣ ਲਈ ਕਿਹਾ ਜਦੋਂ ਭਿ੍ਰਸ਼ਟਾਚਾਰ, ਤਰਫ਼ਦਾਰੀ, ਨਿਯਮਾਂ ਨੂੰ ਛਿੱਕੇ ਟੰਗਣਾ ਸਿਖਰ ’ਤੇ ਸੀ। ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਜਾਣਦਾ ਹੈ ਕਿ ਕਿਵੇਂ ਅਕਾਲੀਆਂ ਨੇ ਸਰਕਾਰੀ ਖ਼ਜ਼ਾਨੇ ਨੂੰ ਖੁਲ੍ਹੇਆਮ ਲੁਟਿਆ ਹੈ ਅਤੇ ਉਨ੍ਹਾਂ ਦੀ ਸ਼ਰਮਨਾਕ ਗੱਲ ਹੈ ਕਿ ਉਨ੍ਹਾਂ ਨੇ ਅਪਣੀ ਜ਼ਮੀਰ ਨੂੰ ਝਾਤੀ ਮਾਰਨ ਦੀ ਬਜਾਏ ਉਨ੍ਹਾਂ ਵਿਰੁਧ ਇਕ ਘਿ੍ਰਣਾਯੋਗ ਪ੍ਰਚਾਰ ਕੀਤਾ ਹੈ।