
ਪਿੰਡਾਂ ਵਿਚ ਕੋਰੋਨਾ ਦੇ ਫੈਲਾਅ ਦਾ ਕਾਰਨ ਦਿੱਲੀ ਬਾਰਡਰ ’ਤੇ ਚੱਲ ਰਿਹਾ ਕਿਸਾਨ ਅੰਦੋਲਨ ਨਹੀਂ ਹੈ : ਤਿ੍ਰਪਤ ਬਾਜਵਾ
ਚੰਡੀਗੜ੍ਹ, 22 ਮਈ (ਭੁੱਲਰ) : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਇਕ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਕਦੇ ਵੀ ਇਹ ਨਹੀਂ ਆਖਿਆ ਕਿ ਪੰਜਾਬ ਦੇ ਪਿੰਡਾਂ ਵਿਚ ਕੋਰੋਨਾ ਦਾ ਪ੍ਰਕੋਪ ਕਿਸਾਨੀ ਵਿਰੋਧੀ ਤਿੰਨ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਬਾਰਡਰ ਉੱਤੇ ਦਿਤੇ ਜਾ ਰਹੇ ਧਰਨਿਆਂ ਤੋਂ ਵਾਪਸ ਆ ਰਹੇ ਕਿਸਾਨਾਂ ਕਾਰਨ ਵਧ ਰਿਹਾ ਹੈ।
ਪੰਚਾਇਤ ਮੰਤਰੀ ਨੇ ਅਪਣੇ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਉਹ ਇਸ ਗੱਲੋਂ ਬਹੁਤ ਸਪੱਸ਼ਟ ਹਨ ਕਿ ਕੋਰੋਨਾ ਮਹਾਂਮਾਰੀ ਸਿਰਫ਼ ਪੰਜਾਬ ਵਿਚ ਹੀ ਮੁੜ ਉਭਾਰ ਨਹੀਂ ਹੋਇਆ ਬਲਕਿ ਪੂਰੇ ਮੁਲਕ ਵਿਚ ਇਸ ਬੀਮਾਰੀ ਦਾ ਪ੍ਰਕੋਪ ਵਧਿਆ ਹੈ। ਇਹ ਬੀਮਾਰੀ ਤਾਂ ਪਿਛਲੇ ਦੋ ਮਹੀਨਿਆਂ ਵਿਚ ਉਨ੍ਹਾਂ ਸੂਬਿਆਂ ਵਿਚ ਵੀ ਵਧੀ ਹੈ ਜਿਹੜੇ ਸੂਬੇ ਦਿੱਲੀ ਦੇ ਧਰਨਿਆਂ ਤੋਂ ਬਹੁਤ ਦੂਰ ਹਨ।
ਪੰਚਾਇਤ ਮੰਤਰੀ ਨੇ ਕਿਹਾ ਕਿ ਮੁਲਕ ਵਿਚ ਕੋਰੋਨਾ ਮਹਾਂਮਾਰੀ ਵਧਣ ਦੇ ਹੋਰ ਕਾਰਨ ਹਨ ਜਿਨ੍ਹਾਂ ਵਿਚੋਂ ਇਕ ਪ੍ਰਮੁੱਖ ਕਾਰਨ ਮਾਹਰਾਂ ਵਲੋਂ ਕੋਰੋਨਾ ਦੀ ਦੂਜੀ ਲਹਿਰ ਦੀ ਪੇਸ਼ੀਨਗੋਈ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਢੁਕਵੇਂ ਪ੍ਰਬੰਧ ਨਾ ਕਰਨਾ ਹੈ। ਸ਼੍ਰੀ ਬਾਜਵਾ ਨੇ ਕਿਹਾ, ‘‘ ਮੈਂ ਪੂਰੀ ਪੂਰੀ ਤਰ੍ਹਾਂ ਕਿਸਾਨ ਸੰਘਰਸ਼ ਦਾ ਹਮਾਇਤੀ ਹਾਂ ਅਤੇ ਮੈਨੂੰ ਇਹ ਵੀ ਅਹਿਸਾਸ ਹੈ ਕਿ ਕਿਸਾਨੀ ਅੰਦੋਲਨ ਨੂੰ ਅੱਧ ਵਿਚਾਲੇ ਨਹੀਂ ਛਡਿਆ ਜਾ ਸਕਦਾ। ਮੈਂ ਕਦੇ ਵੀ ਇਹ ਨਹੀਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਕਰੋਨਾ ਕਿਸਾਨੀ ਸੰਘਰਸ਼ ਕਾਰਨ ਵਧ ਰਿਹਾ ਹੈ।’’
ਪੰਚਾਇਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਸਿਰਫ਼ ਇਹ ਸਲਾਹ ਦਿਤੀ ਸੀ ਕਿ ਅਪਣੀ ਅਤੇ ਅਪਣੇ ਪਰਵਾਰਾਂ ਦੀ ਸੁਰੱਖਿਆ ਲਈ ਧਰਨੇ ਤੋਂ ਵਾਪਸ ਆ ਰਹੇ ਕਿਸਾਨ ਜੇ ਪਿੰਡਾਂ ਵਿਚ ਆਉਣ ਸਮੇਂ ਟੈਸਟ ਕਰਾ ਲਿਆ ਕਰਨ ਤਾਂ ਇਸ ਵਿਚ ਸੱਭ ਦੀ ਹੀ ਭਲਾਈ ਹੈ।