ਪੰਜਾਬ, ਤੇਲੰਗਾਨਾ ਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਮਿਲ ਕੇ ਕਿਸਾਨਾਂ ਤੇ ਸ਼ਹੀਦ ਜਵਾਨਾਂ ਦੇ ਹੱਕ 'ਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ
Published : May 23, 2022, 7:02 am IST
Updated : May 23, 2022, 7:02 am IST
SHARE ARTICLE
image
image

ਪੰਜਾਬ, ਤੇਲੰਗਾਨਾ ਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਮਿਲ ਕੇ ਕਿਸਾਨਾਂ ਤੇ ਸ਼ਹੀਦ ਜਵਾਨਾਂ ਦੇ ਹੱਕ 'ਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ


ਤੇਲੰਗਾਨਾ ਦੇ ਮੁੱਖ ਮੰਤਰੀ ਨੇ ਗਲਵਾਨ ਦੇ ਸ਼ਹੀਦਾਂ ਦੇ ਪ੍ਰਵਾਰਾਂ ਨੂੰ  10-10 ਲੱਖ ਅਤੇ 543 ਕਿਸਾਨਾਂ ਦੇ ਪ੍ਰਵਾਰਾਂ ਨੂੰ  3-3 ਲੱਖ ਦਿਤੇ


ਚੰਡੀਗੜ੍ਹ, 22 ਮਈ (ਗੁਰਉਪਦੇਸ਼ ਭੁੱਲਰ): ਪੰਜਾਬ, ਤੇਲੰਗਾਨਾ ਤੇ ਦਿੱਲੀ ਦੇ ਮੁੱਖ ਮੰਤਰੀ ਭਗਵੰਤ ਮਾਨ, ਕੇ.ਚੰਦਰ ਸ਼ੇਖਰ ਅਤੇ ਅਰਵਿੰਦ ਕੇਜਰੀਵਾਲ ਨੇ ਅੱਜ ਚੰਡੀਗੜ੍ਹ ਦੇ ਟੈਗੋਰ ਥਿਏਟਰ ਵਿਚ ਇਕ ਮੰਚ ਉਪਰ ਵਿਚਾਰ ਪੇਸ਼ ਕਰਦਿਆਂ ਕਿਸਾਨਾਂ ਦੇ ਹੱਕ ਵਿਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਹੈ | ਇਹ ਸਮਾਗਮ ਤੇਲੰਗਾਨਾ ਦੀ ਚੰਦਰ ਸ਼ੇਖਰ ਸਰਕਾਰ ਵਲੋਂ ਪੰਜਾਬ ਦੇ ਗਲਵਾਨ ਘਾਟੀ ਵਿਚ ਸ਼ਹੀਦ ਹੋਏ 4 ਜਵਾਨਾਂ ਅਤੇ ਦਿੱਲੀ ਕਿਸਾਨ ਮੋਰਚੇ ਵਿਚ ਸ਼ਹੀਦ ਹੋਏ 543 ਕਿਸਾਨਾਂ ਨੂੰ  ਵਿੱਤੀ ਸਹਾਇਤਾ ਦਾ ਚੈੱਕ ਦੇਣ ਲਈ ਕਰਵਾਇਆ ਗਿਆ ਸੀ | ਹਰਿਆਣਾ ਦੇ ਸ਼ਹੀਦ ਕਿਸਾਨਾਂ ਪ੍ਰਵਾਰਾਂ ਨੂੰ  ਵੀ ਵਿੱਤੀ ਸਹਾਇਤਾ ਤੇਲੰਗਾਨਾ ਸਰਕਾਰ ਵਲੋਂ ਦਿਤੀ ਗਈ ਹੈ |
ਗਲਵਾਨ ਘਾਟੀ ਦੇ ਸ਼ਹੀਦ ਪ੍ਰਵਾਰਾਂ ਨੂੰ  10-10 ਲੱਖ ਅਤੇ ਸ਼ਹੀਦ ਕਿਸਾਨ ਪ੍ਰਵਾਰਾਂ ਨੂੰ  3-3 ਲੱਖ ਰੁਪਏ ਦੇ ਚੈੱਕ ਦਿਤੇ ਗਏ | ਇਸ ਦਾ ਐਲਾਨ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਨੇ ਕਿਸਾਨ ਮੋਰਚੇ ਦੌਰਾਨ ਹੀ ਕੀਤਾ ਸੀ ਪਰ ਵਿਧਾਨ ਸਭਾ ਚੋਣਾਂ ਦਾ ਜ਼ਾਬਤਾ ਲੱਗ ਜਾਣ ਕਾਰਨ ਇਹ ਪ੍ਰੋਗਰਾਮ ਉਸ ਸਮੇਂ ਨਹੀਂ ਹੋ ਸਕਿਆ ਜੋ ਅੱਜ ਕਰਵਾਇਆ ਗਿਆ ਹੈ |

ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਉ ਨੇ ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਸਾਨੂੰ ਅਜਿਹੇ ਪ੍ਰੋਗਰਾਮ ਕਰਨੇ ਪੈ ਰਹੇ ਹਨ | ਅਜਿਹਾ ਕਿਉਂ ਹੈ ਤੇ ਇਸ ਦੀ ਜੜ੍ਹ ਕਿਥੇ ਹੈ? ਇਸ ਬਾਰੇ ਚਿੰਤਾ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ,''ਮੈਂ ਕਿਸਾਨਾਂ ਅੱਗੇ ਸਿਰ ਝੁਕਾਉਂਦਾ ਹਾਂ ਜਿਨ੍ਹਾਂ ਨੇ ਕੇਂਦਰ ਨੂੰ  ਸੰਘਰਸ਼ ਕਰ ਕੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿਤਾ ਸੀ |'' ਉਨ੍ਹਾਂ ਕਿਹਾ ਕਿ ਅਸੀ ਭਾਵੇਂ ਸ਼ਹੀਦ ਕਿਸਾਨਾਂ ਨੂੰ  ਵਾਪਸ ਤਾਂ ਨਹੀਂ ਲਿਆ ਸਕਦੇ ਪਰ ਉਨ੍ਹਾਂ ਦੇ ਪ੍ਰਵਾਰਾਂ ਨਾਲ ਹਮਦਰਦੀ ਤਾਂ ਕਰ ਸਕਦੇ ਹਾਂ | ਉਨ੍ਹਾਂ ਨੂੰ  ਹੌਂਸਲਾ ਦੇ ਸਕਦੇ ਹਾਂ ਕਿ ਦੇਸ਼ ਤੁਹਾਡੇ ਨਾਲ ਹੈ | ਅੱਜ ਦੇ ਪ੍ਰੋਗਰਾਮ ਦਾ ਵੀ ਇਹੀ ਮਕਸਦ ਹੈ | ਉਨ੍ਹਾਂ ਪੰਜਾਬ ਦੀ ਤਾਰੀਫ਼ ਕਰਦਿਆਂ ਕਿਹਾ ਕਿ ਦਿੱਲੀ ਮੋਰਚੇ ਵਿਚ ਅਗਵਾਈ ਕੀਤੀ | ਪਹਿਲਾਂ ਦੇਸ਼ ਵੀ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸੱਭ ਤੋਂ ਵੱਧ ਕੁਰਬਾਨੀਆਂ ਪੰਜਾਬ ਨੇ ਕੀਤੀਆਂ ਅਤੇ ਹਰੀ ਕ੍ਰਾਂਤੀ ਰਾਹੀਂ ਦੇਸ਼ ਦਾ ਅੰਨ ਭੰਡਾ ਸੰਕਟ ਸਮੇਂ ਭਰਿਆ |
ਉਨ੍ਹਾਂ ਕਿਸਾਨਾਂ ਨੂੰ  ਸੱਦਾ ਦਿੰਦਿਆਂ ਕਿਹਾ ਕਿ ਜਦ ਤਕ ਫ਼ਸਲਾਂ ਦੇ ਲਾਹੇਵੰਦ ਭਾਅ ਨਹੀਂ ਮਿਲ ਜਾਂਦੇ ਤੇ ਖ਼ਰੀਦ ਦੀ ਗਰੰਟੀ ਨਹੀਂ ਮਿਲਦੀ, ਉਸ ਸਮੇਂ ਤਕ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ | ਇਹ ਸੰਘਰਸ਼ ਪੰਜਾਬ, ਹਰਿਆਣਾ ਜਾਂ ਉਤਰ ਪ੍ਰਦੇਸ਼ ਤਕ ਸੀਮਤ ਨਾ ਹੋ ਕੇ ਪੂਰੇ ਦੇਸ਼ ਦੇ ਕਿਸਾਨਾਂ ਨੂੰ  ਮਿਲ ਕੇ ਲੜਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕਿਸਾਨ ਚਾਹੇ ਤਾਂ ਦੇਸ਼ ਦੀ ਸੱਤਾ ਪਲਟ ਸਕਦਾ ਹੈ | ਰਾਉ ਨੇ ਕਿਹਾ ਕਿ ਜੋ ਪਾਰਟੀਆਂ ਭਵਿੱਖ ਵਿਚ ਲਾਹੇਵੰਦ ਭਾਅ ਤੇ ਗਰੰਟੀ ਦੀ ਮੰਗ ਦਾ ਸਮਰਥਨ ਕਰਨ ਤਾਂ ਉਨ੍ਹਾਂ ਦਾ ਹੀ ਸਾਨੂੰ ਸਾਥ ਦੇਣਾ ਚਾਹੀਦਾ ਹੈ |
ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਜਦ ਤੋਂ ਪੰਜਾਬ ਵਿਚ 'ਆਪ' ਦੀ ਸਰਕਾਰ ਬਣੀ ਹੈ ਤਾਂ ਸਾਡੇ ਮੁੱਖ ਮੰਤਰੀ ਕਿਸਾਨਾਂ ਦੀ ਆਮਦਨ ਵਧਾਉਣ ਦੀ ਨੀਤੀ ਨੂੰ  ਪਹਿਲ ਦੇ ਰਹੇ ਹਨ | ਜਦ ਤਕ ਕਿਸਾਨ ਦੀ ਆਮਦਨ ਨਹੀਂ ਵਧਾਈ ਤਾਂ ਖ਼ੁਦਕੁਸ਼ੀਆਂ ਕਦੇ ਬੰਦ ਨਹੀਂ ਹੋ ਸਕਦੀਆਂ ਅਤੇ ਕਿਸਾਨ ਦੁਖੀ ਹੀ ਰਹੇਗਾ | ਉਨ੍ਹਾਂ ਭਗਵੰਤ ਮਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਇਕ ਕਿਸਾਨ ਪ੍ਰਵਾਰ ਵਿਚੋਂ ਆਏ ਮੁੱਖ ਮੰਤਰੀ ਹਨ | ਇਸੇ ਕਾਰਨ ਉਨ੍ਹਾਂ ਕਿਸਾਨਾਂ ਨੂੰ  ਹੋਰ ਫ਼ਸਲਾਂ ਤੋਂ ਪਹਿਲਾਂ ਮੁੰਗੀ ਬੀਜਣ ਲਈ ਕਿਹਾ ਅਤੇ ਇਸ ਉਪਰ ਐਮ.ਐਸ.ਪੀ. ਦੇਣ ਦਾ ਫ਼ੈਸਲਾ ਲਿਆ | ਝੋਨੇ ਦੀ ਸਿੱਧੀ ਬਿਜਾਈ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ | ਇਹ ਫ਼ੈਸਲੇ ਮੁੱਖ ਮੰਤਰੀ ਦੇ ਜ਼ਮੀਨ ਨਾਲ ਜੁੜੇ ਹੋਣ ਕਾਰਨ ਹੀ ਹੋਏ | ਇਹ ਫ਼ੈਸਲੇ ਚਾਹੁੰਦੀਆਂ ਤਾਂ ਪਹਿਲੀਆਂ ਸਰਕਾਰਾਂ ਵੀ ਕਰ ਸਕਦੀਆਂ ਸਨ | ਉਨ੍ਹਾਂ ਕਿਹਾ ਕਿ ਕਿਸਾਨੀ ਲਈ ਛੇਤੀ ਹੀ ਹੋਰ ਵੀ ਬਹੁਤ ਫ਼ੈਸਲੇ ਪੰਜਾਬ ਸਰਕਾਰ ਲਵੇਗੀ | ਸਿਹਤ ਸਿਖਿਆ ਅਤੇ ਬਿਜਲੀ ਦੇ ਮਾਡਲ ਵੀ ਪੰਜਾਬ ਵਿਚ ਲਾਗੂ ਹੋਣਗੇ |
ਉਨ੍ਹਾਂ ਅਹਿਮ ਐਲਾਨ ਕਰਦਿਆਂ ਕਿਹਾ ਕਿ ਜਿਵੇਂ ਦਿੱਲੀ ਦੇ ਇਹ ਮਾਡਲਾਂ ਦੀ ਦੇਸ਼ ਵਿਚ ਚਰਚਾ ਹੈ ਤਾਂ ਪੰਜਾਬ ਵੀ ਅਜਿਹਾ ਖੇਤੀ ਮਾਡਲ ਤਿਆਰ ਕਰ ਕੇ ਜੋ ਦੇਸ਼ ਵਿਦੇਸ਼ ਵਿਚ ਮਿਸਾਲ ਬਣੇਗਾ | ਅਜਿਹਾ ਮਾਡਲ ਬਣੇਗਾ ਕਿ ਕਿਸਾਨ ਦਾ ਬੇਟਾ ਕਿਸਾਨ ਹੀ ਬਣਨ ਨੂੰ  ਪਹਿਲ ਦੇਵੇਗਾ ਜਦਕਿ ਹੁਣ ਖੇਤੀ ਲਾਹੇਵੰਦ ਧੰਦਾ ਨਾ ਰਹਿਣ ਕਾਰਨ ਕਿਸਾਨਾਂ ਦੇ ਮੁੰਡੇ ਖੇਤੀ ਕਰਨ ਦੀ ਥਾਂ ਹੋਰ ਧੰਦਿਆਂ ਵਲ ਜਾਂਦੇ ਹਨ |
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਅਪਣੇ ਵਿਚਾਰ ਪੇਸ਼ ਕਰਦਿਆਂ ਕਿਹਾ,''ਮੈਂ ਕਿਸਾਨਾਂ ਦੀ ਕਰਜ਼ਾ ਮਾਫ਼ ਹੀ ਨਹੀਂ  ਬਲਕਿ ਪੂਰੀ ਤਰ੍ਹਾਂ ਕਰਜ਼ਾ ਮੁਕਤੀ ਹੀ ਕਰਨੀ ਚਾਹੁੰਦਾ ਹਾਂ | ਕਿਸਾਨਾਂ ਨੂੰ  ਕਰਜ਼ਾ ਲੈਣਾ ਹੀ ਕਿਉਂ ਪਵੇ?'' ਉਨ੍ਹਾਂ ਕਿਹਾ ਕਿ ਜਦ ਮੈਂ ਸੰਸਦ ਮੈਂਬਰ ਹੋਣ ਸਮੇਂ ਪੰਜਾਬ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਗੱਲ ਲੋਕ ਸਭਾ ਵਿਚ ਕਰਦਾ ਸੀ ਤਾਂ ਹੋਰ ਰਾਜਾਂ ਦੇ ਮੈਂਬਰ ਯਕੀਨ ਹੀ ਨਹੀਂ ਸਨ ਕਰਦੇ ਕਿ ਪੰਜਾਬ ਵਰਗੇ ਖ਼ੁਸ਼ਹਾਲ ਮੰਨੇ ਜਾਂਦੇ ਰਾਜ ਦਾ ਕਿਸਾਨ ਵੀ ਖ਼ੁਦਕੁਸ਼ੀ ਕਰ ਸਕਦਾ ਹੈ | ਮਾਨ ਨੇ ਕਿਹਾ ਕਿ ਖੇਤੀ ਆਮਦਨ ਵਧਾਉਣ ਤੇ ਲਾਹਵੇਦ ਬਣਾਉਣ ਲਈ ਨੀਤੀਆਂ ਬਣਾਵਾਂਗੇ | ਇਸ ਦੀ ਸ਼ੁਰੂਆਤ 2 ਮਹੀਨੇ ਦੇ ਥੋੜ੍ਹੇ ਸਮੇਂ ਵਿਚ ਹੀ ਹੋ ਚੁੱਕੀ ਹੈ | ਉਨ੍ਹਾਂ ਗਲਵਾਨ ਘਾਟੀ ਦੇ ਸ਼ਹੀਦ ਜਵਾਨਾਂ ਤੇ ਕਿਸਾਨ ਮੋਰਚੇ ਦੇ ਸ਼ਹੀਦ ਕਿਸਾਨ ਦੇ ਸਨਮਾਨ ਲਈ ਅੱਜ ਦੇ ਪ੍ਰੋਗਰਾਮ ਬਾਰੇ ਕਿਹਾ ਕਿ ਖ਼ੁਸ਼ੀਆਂ ਵੰਡਣ ਨਾਲ ਦੁਗਣੀਆਂ ਹੋ ਜਾਂਦੀਆਂ ਹਨ ਅਤੇ ਦੁੱਖ ਅੱਧੇ ਹੋ ਜਾਂਦੇ ਹਨ | ਕਿਸੇ ਦੀ ਜਾਨ ਦਾ ਮੁੱਲ ਤਾਂ ਮੋੜਿਆ ਨਹੀਂ ਜਾ ਸਕਦਾ ਪਰ ਪ੍ਰਵਾਰ ਦੇ ਬਾਕੀ ਮੈਂਬਰਾਂ ਨੂੰ  ਹੌਂਸਲਾ ਦੇਣ ਤੇ ਉਨ੍ਹਾਂ ਦੇ ਚੁੱਲ੍ਹੇ ਚਾਲੂ ਰਖਣ ਲਈ ਤਾਂ ਸਹਾਇਤਾ ਦਿਤੀ ਜਾ ਸਕਦੀ ਹੈ | ਉਨ੍ਹਾਂ ਦਿੱਲੀ ਮੋਰਚੇ ਦੀ ਗੱਲ ਕਰਦਿਆਂ ਕਿਹਾ ਕਿ ਮੀਂਹ, ਹਨੇਰੀ ਤੇ ਝੱਖੜਾਂ ਦਾ ਸਾਹਮਣਾ ਕਰਦੇ ਹੋਏ ਕਿਸਾਨ ਉਦੋਂ ਤਕ ਨਹੀਂ ਉਠੇ ਜਦ ਤਕ ਕਾਨੂੰਨ ਵਾਪਸ ਨਹੀਂ ਕਰਵਾ ਲਏ | ਪੰਜਾਬ ਨੇ ਜੈ ਜਵਾਨ ਤੇ ਜੈ ਕਿਸਾਨ ਦੀ ਮਿਸਾਲ ਪੇਸ਼ ਕੀਤੀ ਹੈ | ਜਿਥੇ ਪੱੁੱਤਰ ਸਰਹੱਦ 'ਤੇ ਦੇਸ਼ ਦੀ ਰਾਖੀ ਲਈ ਡਟਿਆ ਸੀ, ਉਥੇ ਪਿਉ ਕਿਸਾਨ ਮੋਰਚੇ ਵਿਚ ਅਪਣੀ ਖੇਤੀ ਦੀ ਰਾਖੀ ਲਈ ਡਟਿਆ ਸੀ | ਉਨ੍ਹਾਂ ਕਿਹਾ ਕਿ ਇਹ ਦੁਨੀਆਂ ਦਾ ਇਤਿਹਾਸਕ ਮੋਰਚਾ ਸੀ | ਉਨ੍ਹਾਂ ਐਲਾਨ ਕੀਤਾ ਖੇਤੀ ਨੂੰ  ਲਾਹੇਵੰਦ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ |

 

ਕਈ ਘੰਟੇ ਦੇਰੀ ਨਾਲ ਸ਼ੁਰੂ ਹੋਇਆ ਪ੍ਰੋਗਰਾਮ
ਤੇਲੰਗਾਨਾ ਸਰਕਾਰ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੋਜਤ ਕੀਤੇ ਗਏ ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਦਾ ਸਮਾਂ ਬਾਅਦ ਦੁਪਹਿਰ 2 ਵਜੇ ਦਾ ਸੀ ਪਰ ਇਹ ਢਾਈ ਘੰਟੇ ਦੇਰੀ ਨਾਲ ਸਾਢੇ ਚਾਰ ਵਜੇ ਸ਼ਰੂ ਹੋਇਆ ਅਤੇ ਡੇਢ ਘੰਟੇ ਵਿਚ ਸਮਾਪਤ ਹੋ ਗਿਆ | ਦੇਰੀ ਦਾ ਕਾਰਨ ਉਡਾਨਾਂ ਵਿਚ ਦੇਰੀ ਦਸਿਆ ਗਿਆ ਹੈ ਪਰ ਜ਼ਿਕਰਯੋਗ ਹੈ ਕਿ ਢਾਈ ਘੰਟੇ ਦੀ ਦੇਰੀ ਦੇ ਬਾਵਜੂਦ ਕਿਸਾਨ ਪ੍ਰਵਾਰਾਂ ਦੇ ਮੈਂਬਰ ਤੇ ਮੀਡੀਆ ਦੇ ਪ੍ਰਤੀਨਿਧੀ ਉਡੀਕ ਵਿਚ ਸ਼ਾਂਤੀ ਨਾਲ ਬੈਠੇ ਰਹੇ |

 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement