
ਹੈਰੋਇਨ ਦੇ ਦੋ ਪੈਕਟ ਕੀਤੇ ਬਰਾਮਦ
ਅੰਮ੍ਰਿਤਸਰ : ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਪੰਜਾਬ ਸਰਹੱਦ 'ਤੇ ਪਾਕਿ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਨਾਕਾਮ ਕਰ ਰਿਹਾ ਹੈ। ਬੀਐਸਐਫ ਦੇ ਜਵਾਨਾਂ ਨੇ ਚਾਰ ਦਿਨਾਂ ਵਿਚ ਇਸ ਪੰਜਵੇਂ ਡਰੋਨ ਨੂੰ ਡੇਗਣ ਵਿਚ ਸਫਲਤਾ ਹਾਸਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਡਰੋਨ ਨੂੰ ਵੀ ਅੰਮ੍ਰਿਤਸਰ ਸੈਕਟਰ 'ਚ ਹੀ ਡੇਗਿਆ ਗਿਆ ਸੀ। ਘਟਨਾ ਤੋਂ ਬਾਅਦ ਡਰੋਨ ਦੇ ਨਾਲ-ਨਾਲ ਜਵਾਨਾਂ ਨੇ ਹੈਰੋਇਨ ਦੀ ਇਕ ਖੇਪ ਵੀ ਜ਼ਬਤ ਕੀਤੀ, ਜਿਸ ਦੀ ਅੰਤਰਰਾਸ਼ਟਰੀ ਕੀਮਤ 14 ਕਰੋੜ ਰੁਪਏ ਦੇ ਕਰੀਬ ਹੈ।
ਬੀ.ਐਸ.ਐਫ ਨੂੰ ਇਹ ਸਫਲਤਾ ਅੰਮ੍ਰਿਤਸਰ ਦੇ ਬੀਓਪੀ ਰਾਜਾਤਾਲ ਅਧੀਨ ਪੈਂਦੇ ਸਰਹੱਦੀ ਪਿੰਡ ਭੈਣੀ ਰਾਜਪੂਤਾਨਾ ਵਿਚ ਮਿਲੀ। ਘਟਨਾ ਦੇ ਸਮੇਂ ਬੀਐਸਐਫ ਦੀ ਬਟਾਲੀਅਨ 144 ਦੇ ਜਵਾਨ ਗਸ਼ਤ 'ਤੇ ਸਨ। ਰਾਤ ਕਰੀਬ 10 ਵਜੇ ਡਰੋਨ ਦੀ ਆਵਾਜ਼ ਸੁਣਾਈ ਦਿਤੀ। ਸਿਪਾਹੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ। ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਵੀ ਬੰਦ ਹੋ ਗਈ। ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ।
ਬੀਐਸਐਫ ਦੇ ਕਮਾਂਡੈਂਟ ਅਜੈ ਕੁਮਾਰ ਮਿਸ਼ਰਾ ਨੇ ਦਸਿਆ ਕਿ ਡਰੋਨ ਖੇਤਾਂ ਵਿਚ ਡਿਗਿਆ ਮਿਲਿਆ ਹੈ। ਜਿਸ ਨਾਲ ਇੱਕ ਬੈਗ ਬੰਨ੍ਹਿਆ ਹੋਇਆ ਸੀ। ਖੋਲ੍ਹਣ 'ਤੇ ਸ਼ੱਕੀ ਹੈਰੋਇਨ ਦੇ 2 ਪੈਕੇਟ ਬਰਾਮਦ ਹੋਏ ਹਨ। ਜਿਸ ਵਿਚ 2.1 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ।
ਬੀਤੇ ਸ਼ਨੀਵਾਰ ਅਤੇ ਐਤਵਾਰ ਦੀ ਗੱਲ ਕਰੀਏ ਤਾਂ ਬੀਐਸਐਫ ਜਵਾਨਾਂ ਨੇ 2 ਦਿਨਾਂ ਵਿਚ 4 ਡਰੋਨ ਜ਼ਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਸੀ। ਅੰਮ੍ਰਿਤਸਰ ਸਰਹੱਦ ਨੇੜੇ ਖੇਤਾਂ ਵਿਚੋਂ 3 ਡਰੋਨ ਬਰਾਮਦ ਕੀਤੇ ਗਏ ਹਨ। ਅਤੇ ਇੱਕ ਡਰੋਨ ਪਾਕਿਸਤਾਨੀ ਸਰਹੱਦ ਵਿਚ ਡਿਗਿਆ ਸੀ। ਇਸ ਦੌਰਾਨ ਬੀਐਸਐਫ ਨੇ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ।