
ਹਾਦਸੇ ਦੌਰਾਨ ਟਰੈਕਟਰ-ਟਰਾਲੀ ਤੇ ਕਾਰ ਵੀ ਬੁਰੀ ਤਰਾਂ ਨੁਕਸਾਨੇ ਗਏ
Phillaur Road Accident : ਮਾਤਾ ਚਿੰਤਪੁਰਨੀ ਵਿਖੇ ਮੱਥਾ ਟੇਕ ਕੇ ਵਾਪਸ ਆਪਣੇ ਘਰ ਪਰਤ ਰਹੇ ਪਰਿਵਾਰ ਨਾਲ ਫਿਲੌਰ 'ਚ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਇਕ ਕਾਰ ਅਤੇ ਟਰੈਕਟਰ -ਟਰਾਲੀ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ 'ਚ ਇਕ ਮਾਸੂਮ ਬੱਚੇ ਸਮੇਤ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਭੇਜਿਆ ਗਿਆ।
ਜਿਨ੍ਹਾਂ 'ਚੋਂ ਕਾਰ ਸਵਾਰ ਸਰਵਨ ਕੁਮਾਰ ਪੁੱਤਰ ਉਮੇਸ਼ ਦੀ ਹਸਪਤਾਲ 'ਚ ਮੌਤ ਹੋ ਗਈ। ਹਾਦਸੇ 'ਚ ਇਕ 4 ਸਾਲ ਦਾ ਮਾਸੂਮ ਬੱਚਾ ਵੈਭਵ ਪੁੱਤਰ ਦਰਮੇਸ਼ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਸੀ, ਜਿਸ ਦੀਆਂ ਸੱਟਾਂ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਸੀ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਵੀ ਦਮ ਤੋੜ ਦਿੱਤਾ।
ਇਸ ਹਾਦਸੇ 'ਚ ਆਰਿਆ ਪੁੱਤਰ ਦਰਮੇਸ਼, ਸੁਰਿੰਦਰ ਪੁੱਤਰ ਮੋਹਿੰਦਰ, ਸੁਨੀਤਾ ਦੇਵੀ ਪੁੱਤਰੀ ਓਮੇਸ਼, ਗੌਤਮ ਕੁਮਾਰ ਪੁੱਤਰ ਰਵੀਕਾਂਤ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਇਹ ਸਾਰੇ ਲੋਕ ਲੁਧਿਆਣਾ ਦੇ ਵਾਸੀ ਦੱਸੇ ਜਾ ਰਹੇ ਹਨ।
ਇਸ ਸਬੰਧੀ ਮੌਕੇ 'ਤੇ ਪੁੱਜੇ ਥਾਣਾ ਫਿਲੌਰ ਦੇ ਥਾਣੇਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਇਹ ਸਭ ਇਕੋ ਪਰਿਵਾਰ ਦੇ ਮੈਂਬਰ ਹਨ ਅਤੇ ਮਾਤਾ ਚਿੰਤਪੁਰਨੀ ਵਿਖੇ ਮੱਥਾ ਟੇਕ ਕੇ ਵਾਪਸ ਆਪਣੇ ਘਰ ਲੁਧਿਆਣਾ ਦੇ ਤਾਜਪੁਰ ਰੋਡ ਵਿਖੇ ਪਰਤ ਰਹੇ ਸੀ। ਦੂਜੇ ਪਾਸੇ ਟਰੈਕਟਰ ਚਾਲਕ ਨੂੰ ਵੀ ਸੱਟਾਂ ਵੱਜੀਆਂ ਹਨ। ਹਾਦਸੇ ਦੌਰਾਨ ਟਰੈਕਟਰ-ਟਰਾਲੀ ਤੇ ਕਾਰ ਵੀ ਬੁਰੀ ਤਰਾਂ ਨੁਕਸਾਨੇ ਗਏ ਹਨ।