
Kapurthala News : ਸੀਆਈਏ ਟੀਮ ਦੇ ਚਾਰ ਮੈਂਬਰ ਸਨ ਸ਼ਾਮਲ, ਡੀਆਈਜੀ ਨੇ ਕੀਤੀ ਪੁਸ਼ਟੀ
Accused arrested while taking bribe of Rs 2.5 lakh to release drug smuggler in Kapurthala : ਕਪੂਰਥਲਾ ਦੇ ਫਗਵਾੜਾ ਸਬ-ਡਵੀਜ਼ਨ ਵਿਚ ਅੱਜ ਵੱਡੀ ਘਟਨਾ ਸਾਹਮਣੇ ਆਈ ਹੈ। ਜਿੱਥੇ ਨਸ਼ਾ ਤਸਕਰ ਨੂੰ ਛੁਡਾਉਣ ਲਈ 2.5 ਲੱਖ ਦੀ ਰਿਸ਼ਵਤ ਲੈਂਦੇ ਹੋਏ ਚਾਰ ਮੁਲਜ਼ਮ ਗ੍ਰਿਫ਼ਤਾਰ ਹੋਏ ਹਨ। ਦੱਸਣਯੋਗ ਹੈ ਕਿ ਇਹ ਮੁਲਜ਼ਮ ਸੀਆਈਏ ਸਟਾਫ਼ ਦੇ ਮੈਂਬਰ ਹਨ।
ਅੱਜ ਸਵੇਰੇ ਇਕ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਸੀਆਈਏ ਸਟਾਫ਼ ਫਗਵਾੜਾ ਵਿਚ ਤਾਇਨਾਤ 4 ਪੁਲਿਸ ਮੁਲਾਜ਼ਮਾਂ ਨੂੰ ਰਿਸ਼ਵਤਖੋਰੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ। ਪੂਰੀ ਟੀਮ ਨੂੰ ਅੱਜ ਸਵੇਰੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫੜੇ ਗਏ ਮੁਲਾਜ਼ਮਾਂ ਵਿਚ ਸੀਆਈਏ ਇੰਚਾਰਜ ਬਿਸਮਾਨ ਸਿੰਘ ਮਾਹੀ, ਏਐਸਆਈ ਨਿਰਮਲ ਕੁਮਾਰ, ਏਐਸਆਈ ਜਸਵਿੰਦਰ ਸਿੰਘ ਅਤੇ ਕਾਂਸਟੇਬਲ ਜਗਰੂਪ ਸਿੰਘ ਸ਼ਾਮਲ ਹਨ। ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਡੀਆਈਜੀ ਨੇ ਕਿਹਾ ਕਿ ਮੁਲਜ਼ਮਾਂ ਨੇ ਤਸਕਰ ਹਨੀ ਨੂੰ ਅਪਣੀ ਹਿਰਾਸਤ ਵਿਚੋਂ ਛੁਡਾਉਣ ਲਈ ਲਗਭਗ 2.5 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਸਿੰਗਲਾ ਦੇ ਅਨੁਸਾਰ, ਪੁਲਿਸ ਵਿਭਾਗ ਵਿਚ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਪੁਲਿਸ ਵਿਭਾਗ ਵਿਚ ਉਸ ਦੇ ਸਾਥੀਆਂ ਦਾ ਪਰਦਾਫ਼ਾਸ਼ ਕਰਨ ਅਤੇ ਉਨ੍ਹਾਂ ਵਿਰੁਧ ਕੇਸ ਦਰਜ ਕਰਨ ਲਈ ਵੱਡੇ ਪੱਧਰ 'ਤੇ ਜਾਂਚ ਕੀਤੀ ਜਾ ਰਹੀ ਹੈ।
ਗ੍ਰਿਫ਼ਤਾਰ ਮੁਲਜ਼ਮ ਨੂੰ ਅੱਜ ਡਾਕਟਰੀ ਜਾਂਚ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਡੀਆਈਜੀ ਸਿੰਗਲਾ ਨੇ ਇਹ ਵੀ ਦਸਿਆ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਸਦਰ ਪੁਲਿਸ ਫਗਵਾੜਾ ਵਿਖੇ ਇਕ ਰਸਮੀ ਕੇਸ ਦਰਜ ਕਰ ਲਿਆ ਗਿਆ ਹੈ।